
ਅਰਜਨ ਪੁੱਛਦੇ ਹਨ ਕਿ ‘ਕਿਵੇਂ ਮਨੁੱਖ ਨਾ ਚਾਹੁੰਦੇ ਹੋਏ ਵੀ ਪਾਪ ਕਰਦਾ ਹੈ, ਉਸ ਨੂੰ ਕਿਹੜੀ ਚੀਜ਼ ਮਜ਼ਬੂਰ ਕਰਦੀ ਹੈ (3.36)।’ ਇਹ ਇਕ
ਬਹੁਤ ਹੀ ਆਮ ਜਿਹਾ ਪ੍ਰਸ਼ਨ ਹੈ ਜਿਹੜਾ ਕਿ ਜਾਗਰੂਕਤਾ ਦੀ ਪਹਿਲੀ ਸਮਝ ਦੇ ਨਾਲ ਹੀ ਪੈਦਾ ਹੋ ਜਾਂਦਾ ਹੈ।
ਸ੍ਰੀ ਕ੍ਰਿਸ਼ਨ ਕਹਿੰਦੇ ਹਨ ਕਿ ਰਜ ਗੁਣ ਤੋਂ ਕਾਮ ਅਤੇ ਕ੍ਰੋਧ ਪੈਦਾ ਹੁੰਦੇ ਹਨ ਅਤੇ ਇਹ ਵੱਡੀਆਂ ਬੁਰਾਈਆਂ ਹਨ ਜਿਹੜੀਆਂ ਅਤ੍ਰਿਪਤੀ ਤੇ ਮੰਦੀ
ਲਾਲਸਾ ਨਾਲ ਭਰੀਆਂ ਹੋਈਆਂ ਹਨ। ਇਹ ਕਿਉਂਕਿ ਧਰਤੀ ਉੱਤੇ ਸਭ ਤੋਂ ਵੱਡੇ ਵੈਰੀ ਹਨ ਇਸ ਲਈ ਇਨ੍ਹਾਂ ਤੋਂ ਬਚ ਕੇ ਰਹੋ (3.37)।
ਕਰਮ ਨਾਲ ਲਗਾਵ ਹੋਣਾ ਰਜ ਗੁਣ ਦੀ ਮੁੱਢਲੀ ਪਛਾਣ ਹੈ, ਜਿਹੜੀ ਇੱਛਾ ਦੇ ਕਾਰਣ ਹੁੰਦੀ ਹੈ। ਜਿਵੇਂ ਇਕ ਕਾਰ ਦੇ ਮਾਮਲੇ ਵਿੱਚ ਹੁੰਦਾ ਹੈ,
ਗਤੀ, ਰਜ ਗੁਣਦਾਇਕ ਲੱਛਣ ਹੈ ਅਤੇ ਇਸ ਨੂੰ ਪੈਦਾ ਕਰਨ ਲਈ ਰੇਸ ਇਕ ਯੰਤਰ ਹੈ। ਇਸੇ ਤਰ੍ਹਾਂ ਹੌਲੀ ਹੋਣਾ ਜਾਂ ਜੜਤਾ (ਖੜੋਤ) ਤਮ
ਗੁਣ ਦਾ ਸੁਭਾਅ ਹੈ, ਇਸ ਲਈ ਬ੍ਰੇਕ ਇਕ ਯੰਤਰ ਹੈ। ਚਾਲਕ ਸਤ ਗੁਣ ਦੀ ਪ੍ਰਤੀਨਿਧਤਾ ਕਰਦਾ ਹੈ ਜੋ ਇਕ ਤੇਜ ਚਾਲ ਤੇ ਸੁਰੱਖਿਆ
ਚਾਹੁੰਦੀ ਸਵਾਰੀ ਲਈ ਰੇਸ ਤੇ ਬ੍ਰੇਕ ਦੇ ਸੰਤੁਲਨ ਰਾਹੀਂ ਕਾਰਜ ਕਰਦਾ ਹੈ। ਸਪੀਡੋਮੀਟਰ ਜਾਗਰੂਕਤਾ ਦਾ ਇਕ ਯੰਤਰ ਹੈ। ਜੇ ਇਨ੍ਹਾਂ ਵਿੱਚ
ਸੰਤੁਲਨ ਵਿਗੜ ਜਾਵੇ ਤਾਂ ਦੁਰਘਟਨਾ ਹੋਣੀ ਨਿਸ਼ਚਿਤ ਹੈ।
ਲਾਲਸਾ (ਕਾਮ) ਵੀ ਸਾਡੇ ਜੀਵਨ ਵਿੱਚ ਸੰਤੁਲਨ ਖੋਣ ਤੋਂ ਇਲਾਵਾ ਹੋਰ ਕੁੱਝ ਨਹੀਂ ਹੈ, ਜਿੱਥੇ ਅਸੀਂ ਖੁਸ਼ੀ ਪ੍ਰਾਪਤ ਕਰਨ ਲਈ ਇੰਨੀ ਊਰਜਾ
ਦੀ ਵਰਤੋਂ ਕਰਦੇ ਹਾਂ, ਜਿਸ ਰਾਹੀਂ ਕਿਸੇ ਚੀਜ਼ ਜਾਂ ਕਿਸੇ ਨੂੰ ਪ੍ਰਾਪਤ ਕਰਨ ਲਈ ਜਾਂ ਆਪਣੇ ਲਈ ਕੋਈ ਸ਼ਕਤੀ ਜਾਂ ਪ੍ਰਸਿੱਧੀ ਪ੍ਰਾਪਤ ਕਰਨ ਦੇ
ਉਦੇਸ਼ ਹੁੰਦੇ ਹਨ। ਇਨ੍ਹਾਂ ਇੱਛਾਵਾਂ ਲਈ ਊਰਜਾ ਖਰਚਦੇ ਸਮੇਂ ਅਸੀਂ ਇਸ ਦੇ ਫੈਸਲਿਆਂ ਤੋਂ ਪੂਰੀ ਤਰ੍ਹਾਂ ਅਨਜਾਣ ਹੁੰਦੇ ਹਾਂ। ਜਦੋਂ ਇਹ ਸਾਡੇ
ਉੱਤੇ ਹਾਵੀ ਹੋ ਜਾਂਦੇ ਹਨ ਤਾਂ ਸਾਡੇ ਕੋਲ ਕੋਈ ਨਿਯੰਤਰਣ ਹੀ ਨਹੀਂ ਰਹਿੰਦਾ। ਕ੍ਰੋਧ ਅਤ੍ਰਿਪਤ ਇੱਛਾ ਦਾ ਸੁਭਾਵਿਕ ਪਰਿਣਾਮ ਹੈ ਜੋ ਖੁਸ਼ੀ ਦੇ
ਪਿੱਛੇ ਹਮੇਸ਼ਾ ਮੌਜੂਦ ਹੁੰਦਾ ਹੈ।
ਸਲੋਕ ਕਹਿੰਦਾ ਹੈ ਕਿ ਇੱਛਾਵਾਂ ਅਤ੍ਰਿਪਤ ਹਨ ਜਿੰਨਾ ਅਸੀਂ ਇਨ੍ਹਾਂ ਨੂੰ ਸੰਤੁਸ਼ਟ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਇਹ ਉਨਾਂ ਹੀ ਵੱਧਦੀਆਂ
ਜਾਂਦੀਆਂ ਹਨ। ਅਮੀਰ ਆਦਮੀ ਵੱਧ ਧੰਨ ਚਾਹੁੰਦਾ ਹੈ ਅਤੇ ਸ਼ਕਤੀ ਵਾਲਾ ਪੂਰੀ ਸ਼ਕਤੀ ਚਾਹੁੰਦਾ ਹੈ। ਇਨ੍ਹਾਂ ਦਾ ਇਕ ਹੀ ਢੰਗ ਹੈ ਕਿ ਨਾ
ਇਨ੍ਹਾਂ ਨੂੰ ਦਬਾਉਣਾ ਹੈ ਤੇ ਨਾ ਹੀ ਇਨ੍ਹਾਂ ਨੂੰ ਸੰਤੁਸ਼ਟ ਕਰਨਾ ਹੈ। ਸ੍ਰੀ ਕ੍ਰਿਸ਼ਨ ਕਹਿੰਦੇ ਹਨ ਕਿ ਉਨ੍ਹਾਂ ਤੋਂ ਸਾਵਧਾਨ ਰਹੋ। ਜਦੋਂ ਅਸੀਂ ਕਾਮ ਜਾਂ
ਭੈਅ ਤੋਂ ਜਕੜੇ ਹੋਏ ਹੋਈਏ ਤਾਂ ਜਾਗਰੂਕ ਰਹੀਏ ਅਤੇ ਜਾਗਰੂਕਤਾ ਹੀ ਸਾਨੂੰ ਉਨ੍ਹਾਂ ਦੀ ਪਕੜ ਤੋਂ ਮੁਕਤ ਕਰੇਗੀ।