ਗੀਤਾ ਵਿੱਚ ਅਰਜਨ ਤੇ ਸ੍ਰੀ ਕ੍ਰਿਸ਼ਨ ਦੋਵੇਂ ‘ਮੈਂ’ ਸ਼ਬਦ ਦੀ ਵਰਤੋਂ ਕਰਦੇ ਹਨ ਪਰ ਉਸ ਦੇ ਅਰਥ ਅਤੇ ਵਰਤੋਂ ਦੇ ਸੰਦਰਭ ਵੱਖਰੇ ਹਨ। ਅਰਜਨ ਦਾ ‘ਮੈਂ’ ਉਸ ਦੇ ਭੌਤਿਕੀ ਸਰੀਰ, ਸੰਪਤੀ ਅਤੇ ਭਾਵਨਾਵਾਂ ਤੇ ਵਿਸ਼ਵਾਸਾਂ ਨੂੰ ਦਰਸਾਉਂਦਾ ਹੈ, ਜੋ ਸਿਰਫ ਉਸ ਦੇ ਪਰਿਵਾਰ ਦੋਸਤਾਂ ਅਤੇ ਰਿਸ਼ਤੇਦਾਰਾਂ ਤੱਕ ਫੈਲੇ ਹੋਏ ਹਨ। ਸਾਡੀ ਸਥਿਤੀ ਅਰਜਨ ਤੋਂ ਵੱਖਰੀ ਨਹੀਂ ਹੈ। ਇਹ ਜ਼ਰੂਰੀ ਹੈ ਕਿ ਅਸੀਂ ਕੁੱਝ ਚੀਜ਼ਾਂ ਨੂੰ ਆਪਣਾ ਮੰਨਦੇ ਹਾਂ ਅਤੇ ਬਾਕੀ ਨੂੰ ਆਪਣਾ ਨਹੀਂ ਮੰਨਦੇ। ਜਦੋਂ ਸ੍ਰੀ ਕ੍ਰਿਸ਼ਨ ਮੈਂ ਦੀ ਵਰਤੋਂ ਕਰਦੇ ਹਨ ਤਾਂ ਇਹ ਸੰਮਿਲਤ ਹੁੰਦਾ ਹੈ। ਅਸੀਂ ਇੰਦਰੀਆਂ ਦੀ ਸੀਮਾ ਦੀ ਵਜ੍ਹਾ ਨਾਲ ਵਿਸ਼ਿਆਂ ਵਿੱਚ ਅੰਤਰ ਵਿਰੋਧ ਮਹਿਸੂਸ ਕਰਦੇ ਹਾਂ ਅਤੇ ਸ੍ਰੀ ਕ੍ਰਿਸ਼ਨ ਦੀ ‘ਮੈਂ’ ਵਿੱਚ ਇਹ ਸਾਰੇ ਅੰਤਰ ਵਿਰੋਧ ਸ਼ਾਮਲ ਹਨ। ਸ੍ਰੀ ਕ੍ਰਿਸ਼ਨ ਉਸੇ ਕਰਮ ਵਿੱਚ ਕਿਤੇ ਹੋਰ ਕਹਿੰਦੇ ਹਨ, ‘ਮੈਂ ਜਨਮ ਦੇ ਨਾਲ-ਨਾਲ ਮੌਤ ਵੀ ਹਾਂ।’’
ਜਦੋਂ ਕਿ ਸ੍ਰੀ ਕ੍ਰਿਸ਼ਨ ਮਹਾਂਸਾਗਰ ਹੈ, ਅਤੇ ਅਸੀਂ ਉਸ ਸਮੁੰਦਰ ਦੀਆਂ ਕੁੱਝ ਬੂੰਦਾਂ ਹਾਂ। ਪਰ ਅਹੰਕਾਰ ਦੇ ਕਾਰਨ ਅਸੀਂ ਆਪਣੇ ਆਪ ਨੂੰ ਵੱਖਰਾ ਮੰਨਦੇ ਹਾਂ। ਜਦੋਂ ਕੋਈ ਇਕ ਬੂੰਦ ਆਪਣੀ ਹੋਂਦ ਨੂੰ ਤਿਆਗ ਕੇ ਸਾਗਰ ਨਾਲ ਮਿਲ ਜਾਂਦੀ ਹੈ, ਤਾਂ ਉਹ ਸਾਗਰ ਹੀ ਬਣ ਜਾਂਦੀ ਹੈ। ਸ੍ਰੀ ਕ੍ਰਿਸ਼ਨ ਇਸ ਵੱਲ ਇਸ਼ਾਰਾ ਕਰਦੇ ਹਨ ਜਦੋਂ ਉਹ ਕਹਿੰਦੇ ਹਨ ਕਿ ਮੇਰਾ ਜਨਮ ਅਤੇ ਕਰਮ ਦਿਵਯ ਅਰਥਾਤ ਅਲੌਕਿਕ ਹਨ, ਇਸ ਲਈ ਜੋ ਮਨੁੱਖ ਤੱਤ ਨੂੰ ਜਾਣ ਲੈਂਦਾ ਹੈ, ਉਹ ਸਰੀਰ ਨੂੰ ਤਿਆਗ ਕੇ ਫਿਰ ਜਨਮ ਨਹੀਂ ਲੈਂਦਾ, ਸਗੋਂ ਉਹ ਮੈਨੂੰ ਹੀ ਮਿਲਦਾ ਹੈ (4.9)। ਨਿਸ਼ਚੈ ਹੀ ਬੋਧ (ਗਿਆਨ) ਦਾ ਅਰਥ ਹੈ—ਅਹੰਕਾਰ ਦਾ ਤਿਆਗ ਅਤੇ ਅੰਤਰ ਵਿਰੋਧਾਂ ਨੂੰ ਸਵੀਕਾਰ ਕਰਨ ਦੀ ਸਮਰੱਥਾ।
ਸ੍ਰੀ ਕ੍ਰਿਸ਼ਨ ‘ਵੀਤਰਾਗ’ ਸ਼ਬਦ ਦੀ ਵਰਤੋਂ ਕਰਦੇ ਹਨ (4.10) ਜੋ ਨਾ ਤਾਂ ਰਾਗ ਹੈ ਅਤੇ ਨਾ ਹੀ ਵਿਰਾਗ, ਸਗੋਂ ਇਹ ਇਕ ਤੀਜਾ ਪੱਧਰ ਹੈ, ਜਿੱਥੇ ਰਾਗ ਤੇ ਵਿਰਾਗ ਨੂੰ ਇਕ ਸਮਾਨ ਮੰਨਿਆ ਜਾਂਦਾ ਹੈ। ਇਹੋ ਗੱਲ ਭੈਅ ਤੇ ਕ੍ਰੋਧ ਉੱਤੇ ਵੀ ਲਾਗੂ ਹੁੰਦੀ ਹੈ।
ਸ੍ਰੀ ਕ੍ਰਿਸ਼ਨ ਇਕ ਹੋਰ ਸ਼ਬਦ ‘ਗਿਆਨ ਤਪ’ ਦੀ ਵਰਤੋਂ ਕਰਦੇ ਹਨ। ਤਪ ਹੋਰ ਕੁੱਝ ਨਹੀਂ ਸਗੋਂ ਜ਼ਿੰਦਗੀ ਜਿਊਣ ਦਾ ਇਕ ਅਨੁਸ਼ਾਸਿਤ ਢੰਗ ਹੈ, ਅਤੇ ਸਾਡੇ ਵਿੱਚੋਂ ਬਹੁਤ ਸਾਰੇ ਲੋਕ ਇਸ ਦਾ ਅਭਿਆਸ ਕਰਦੇ ਹਨ।
ਅਗਿਆਨ ਦੁਆਰਾ ਕੀਤਾ ਗਿਆ ਤਪ, ਇੰਦਰੀ ਸੁੱਖਾਂ ਅਤੇ ਭੌਤਿਕੀ ਸੰਪਰਦਾਵਾਂ ਦੀ ਤਲਾਸ਼ ਲਈ ਡੂੰਘੀ ਖੋਜ ਬਣ ਜਾਂਦਾ ਹੈ। ਸ੍ਰੀ ਕ੍ਰਿਸ਼ਨ ਸਾਨੂੰ ਗਿਆਨ ਤਪ ਦਾ ਅਨੁਸਰਣ ਕਰਨ ਦੀ ਸਲਾਹ ਦਿੰਦੇ ਹਨ, ਜਿਹੜਾ ਇਕ ਜਾਗਰੂਕ ਅਨੁਸ਼ਾਸਿਤ ਜੀਵਨ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਪਹਿਲਾਂ ਵੀ ਜਿਸ ਦੇ ਰਾਗ, ਭੈਅ ਅਤੇ ਕ੍ਰੋਧ ਪੂਰੀ ਤਰ੍ਹਾਂ ਨਸ਼ਟ ਹੋ ਗਏ ਸਨ ਅਤੇ ਜੋ ਮੇਰੇ ਵਿੱਚ ਪੂਰੀ ਤਰ੍ਹਾਂ ਪ੍ਰੇਮ ਪੂਰਵਕ ਸਥਿਰ ਰਹਿੰਦੇ ਸਨ, ਅਜਿਹੇ ਮੇਰੇ ਉੱਤੇ ਆਸ਼ਰਿਤ ਹੋਣ ਵਾਲੇ ਬਹੁੁਤ ਸਾਰੇ ਭਗਤ, ਉਪਰੋਕਤ ਗਿਆਨ ਰੂਪੀ ਤਪ ਨਾਲ ਪਵਿੱਤਰ ਹੋ ਕੇ ਮੇਰੇ ਸਰੂਪ ਨੂੰ ਪ੍ਰਾਪਤ ਹੋ ਚੁੱਕੇ ਹਨ (4.10)।