ਭੈੜਾ ਚੱਕਰ ਤੇ ਸ਼ੁੱਭ ਚੱਕਰ ਘਟਨਾਵਾਂ ਦੀ ਇਕ ਤਰਤੀਬ ਹੈ ਜਿੱਥੇ ਇਕ ਘਟਨਾ ਕਿਸੇ ਦੂਜੀ ਵੱਲ ਲੈ ਜਾਂਦੀ ਹੈ ਤੇ ਇਸ ਦੇ ਪਰਿਣਾਮ ਸਰੂਪ ਕ੍ਰਮਵਾਰ ਦੁੱਖ ਜਾਂ ਖੁਸ਼ੀ ਵਿੱਚ ਬਦਲ ਜਾਂਦੀ ਹੈ। ਇਸ ਨੂੰ ਇਸ ਤਰ੍ਹਾਂ ਸਮਝਣ ਦੀ ਲੋੜ ਹੈ ਕਿ ਜੇ ਖਰਚਾ ਆਮਦਨ ਤੋਂ ਵੱਧ ਹੋਵੇ ਤਾਂ ਵਿਅਕਤੀ ਉਧਾਰ ਤੇ ਕਰਜੇ ਦੇ ਜਾਲ ਵਿੱਚ ਫਸ ਜਾਂਦਾ ਹੈ, ਤਾਂ ਇਹ ਇਕ ਭੈੜਾ ਚੱਕਰ ਹੋਵੇਗਾ। ਜੇਕਰ ਖਰਚਾ ਆਮਦਨ ਤੋਂ ਘੱਟ ਹੈ, ਤਾਂ ਇਸ ਦੇ ਫਲਸਰੂਪ ਬੱਚਤ ਤੇ ਧਨ ਜਮ੍ਹਾਂ ਹੋ ਜਾਂਦਾ ਹੈ, ਤਾਂ ਇਹ ਇਕ ਸ਼ੁਭ ਚੱਕਰ ਹੋਵੇਗਾ। ਸ੍ਰੀ ਕ੍ਰਿਸ਼ਨ ਇਨ੍ਹਾਂ ਚੱਕਰਾਂ ਦਾ ਉਲੇਖ ਸਲੋਕ 2.62 ਤੋਂ 2.64 ਵਿੱਚ ਕਰਦੇ ਹਨ।
ਸ੍ਰੀ ਕ੍ਰਿਸ਼ਨ ਕਹਿੰਦੇ ਹਨ—ਵਿਸ਼ਿਆਂ ਦਾ ਚਿੰਤਨ ਕਰਨ ਵਾਲੇ ਵਿਅਕਤੀ ਦਾ ਉਨ੍ਹਾਂ ਵਿਸ਼ਿਆਂ ਨਾਲ ਲਗਾਵ ਹੋ ਜਾਂਦਾ ਹੈ, ਲਗਾਵ ਨਾਲ ਉਨ੍ਹਾਂ ਵਿਸ਼ਿਆਂ ਦੀ ਲਾਲਸਾ ਉਤਪੰਨ ਹੁੰਦੀ ਹੈ ਅਤੇ ਲਾਲਸਾ ਵਿੱਚ ਵਿਘਨ ਪੈਣ ਨਾਲ ਕ੍ਰੋਧ ਪੈਦਾ ਹੁੰਦਾ ਹੈ। ਕ੍ਰੋਧ ਨਾਲ ਮੂਰਖਤਾ ਦੇ ਭਾਵ ਪੈਦਾ ਹੁੰਦੇ ਹਨ, ਮੂਰਖਤਾ ਕਾਰਨ ਸਿਮਰਤੀ ਵਿੱਚ ਭਰਮ ਪੈਦਾ ਹੁੰਦਾ ਹੈ, ਸਿਮਰਤੀ ਵਿੱਚ ਭਰਮ ਪੈਦਾ ਹੋਣ ਨਾਲ ਬੁੱਧੀ ਅਰਥਾਤ ਗਿਆਨ ਸ਼ਕਤੀ ਦਾ ਨਾਸ਼ ਹੋ ਜਾਂਦਾ ਹੈ। ਬੁੱਧੀ ਦਾ ਨਾਸ਼ ਹੋ ਜਾਣ ਨਾਲ ਉਹ ਵਿਅਕਤੀ ਆਪਣੀ ਸਥਿਤੀ ਤੋਂ ਹੇਠਾਂ ਡਿੱਗ ਪੈਂਦਾ ਹੈ (2.62-2.63)। ਇਹ ਪਤਨ ਦਾ ਦੁਸ਼ਚੱਕਰ ਹੈ।
ਦੂਜੇ ਪਾਸੇ ਸੀ ਕ੍ਰਿਸ਼ਨ ਕਹਿੰਦੇ ਹਨ—ਆਪਣੇ ਅਧੀਨ ਕੀਤੇ ਹੋਏ ਮਨ ਵਾਲਾ ਸਾਧਕ, ਇੰਦਰੀਆਂ ਵਸ ਵਿੱਚ ਹੋਣ ਕਾਰਨ ਵੈਰ ਭਾਵ ਤੋਂ ਰਹਿਤ, ਇੰਦਰੀਆਂ ਦੁਆਰਾ ਵਿਸ਼ਿਆਂ ਵਿੱਚ ਵਿਚਰਦਾ ਹੋਇਆ, ਮਨ ਦੀ ਸ਼ਾਂਤੀ ਤੇ ਪ੍ਰਤਿਸ਼ਠਾ ਨੂੰ ਹਾਸਲ ਕਰਦਾ ਹੈ (2.64)। ਇਹ ਹੋਰ ਕੁੱਝ ਨਹੀਂ ਸਿਰਫ ਸ਼ਾਂਤੀ ਤੇ ਅਨੰਦ ਦਾ ਇਕ ਸ਼ੁੱਭ ਚੱਕਰ ਹੈ।
ਅਸੀਂ ਸਾਰੇ ਆਪਣੇ ਰੋਜ਼ਾਨਾ ਜੀਵਨ ਵਿੱਚ ਇੰਦਰਿਆਵੀ ਵਿਸ਼ਿਆਂ ਦੇ ਵਿਚਕਾਰ ਘੁੰਮਦੇ ਰਹਿੰਦੇ ਹਾਂ। ਅਸੀਂ ਇਨ੍ਹਾਂ ਇੰਦਰੀ ਵਿਸ਼ਿਆਂ ਨਾਲ ਕਿਹੋ ਜਿਹਾ ਵਿਹਾਰ ਕਰਦੇ ਹਾਂ, ਇਹ ਸਾਡੀ ਜੀਵਨ ਯਾਤਰਾ ਦੀ ਦਿਸ਼ਾ ਨਿਰਧਾਰਤ ਕਰਦਾ ਹੈ।
ਸ਼ੁਭ ਗੁਣੀ ਚੱਕਰ ਦੇ ਮਾਮਲੇ ਵਿੱਚ ਵਿਅਕਤੀ ਇੰਦਰਿਆਵੀ ਵਿਸ਼ਿਆਂ ਪ੍ਰਤੀ ਵੈਰ ਭਾਵ ਤੋਂ ਮੁਕਤ ਹੋ ਜਾਂਦਾ ਹੈ ਜਦੋਂ ਕਿ ਇਕ ਭੈੜੇ ਚੱਕਰ ਵਿੱਚ ਵਿਅਕਤੀ ਵੈਰ, ਭਾਵ ਪ੍ਰਤੀ ਲਗਾਵ ਵਿਕਸਤ ਕਰਦਾ ਹੈ। ਇਹ ਯਾਤਰਾ ਵੈਰ ਨੂੰ ਛੱਡ ਕੇ ਸ਼ੁਰੂ ਕਰਨਾ ਆਸਾਨ ਹੈ, ਇਸ ਅਹਿਸਾਸ ਨੂੰ ਲੈ ਕੇ ਕਿ ਇਹ ਇਕ ਪ੍ਰਕਾਰ ਦਾ ਜ਼ਹਿਰ ਹੈ ਜੋ ਅੰਤ ਵਿੱਚ ਸਾਨੂੰ ਨੁਕਸਾਨ ਪਹੁੰਚਾਉਂਦਾ ਹੈ। ਜਦੋਂ ਇਸ ਨੂੰ ਛੱਡਿਆ ਜਾਂਦਾ ਹੈ ਤਾਂ ਇਸ ਦਾ ਵਿਰੋਧੀ ਮਿਲਾਪ ਵੀ ਛੁੱਟ ਜਾਂਦਾ ਹੈ, ਜੋ ਸੱਚਾ ਤੇ ਬਿਨਾਂ ਸ਼ਰਤ ਵਾਲਾ ਪਿਆਰ ਹੈ। ਇਹ ਇਕ ਫੁੱਲ ਦੀ ਨਿਆੲੀਂ ਹੈ ਜੋ ਸੁੰਦਰਤਾ ਅਤੇ ਸੁਗੰਧ ਖਿਲਾਰਦਾ ਹੈ।
ਰਾਗ ਅਤੇ ਦਵੇਸ਼ ਦੀ ਗੈਰਹਾਜ਼ਰੀ ਗੀਤਾ ਵਿੱਚ ਇਕ ਮੁੱਖ ਉਪਦੇਸ਼ ਹੈ, ਅਤੇ ਸ੍ਰੀ ਕ੍ਰਿਸ਼ਨ ਸਾਨੂੰ ਸਲਾਹ ਦਿੰਦੇ ਹਨ ਕਿ ਆਪਣੇ ਆਪ ਨੂੰ ਸਾਰੇ ਪ੍ਰਾਣੀਆਂ ਵਿੱਚ ਅਤੇ ਸਾਰੇ ਪ੍ਰਾਣੀਆਂ ਨੂੰ ਆਪਣੇ ਆਪ ਵਿੱਚ ਵੇਖੀਏ (6.29) ਅਤੇ ਅੰਤ ਵਿੱਚ ਹਰ ਥਾਂ ਤੇ ਸ੍ਰੀ ਕ੍ਰਿਸ਼ਨ ਨੂੰ ਵੇਖੀਏ। ਇਹ ਏਕਤਾ ਸਾਨੂੰ ਵੈਰ ਭਾਵ ਛੱਡਣ ਵਿੱਚ ਮਦਦ ਕਰੇਗੀ ਅਤੇ ਅੰਤ ਵਿੱਚ ਸਾਨੂੰ ਆਨੰਦਿਤ ਬਣਾਏਗੀ।