Gita Acharan |Punjabi

ਸ੍ਰੀ ਕ੍ਰਿਸ਼ਨ ਕਹਿੰਦੇ ਹਨ ਇੰਦਰੀਆਂ ਦੁਆਰਾ ਵਿਸ਼ਿਆਂ ਨੂੰ ਗ੍ਰਹਿਣ ਨਾ ਕਰਨ ਵਾਲੇ ਵਿਅਕਤੀ ਤੋਂ ਇੰਦਰਿਆਵੀ ਵਸਤਾਂ ਦੂਰ ਹੋ ਜਾਂਦੀਆਂ ਹਨ, ਪਰ ਰਸ (ਲਾਲਸਾ) ਨਹੀਂ ਜਾਂਦੀ ਅਤੇ ਲਾਲਸਾ ਉਦੋਂ ਹੀ ਸਮਾਪਤ ਹੁੰਦੀ ਹੈ ਜਦੋਂ ਵਿਅਕਤੀ ਸਰਵਉੱਚ ਨੂੰ ਪ੍ਰਾਪਤ ਕਰਦਾ ਹੈ (2.59)। ਇੰਦਰੀਆਂ ਕੋਲ ਇਕ ਭੌਤਿਕ ਯੰਤਰ ਅਤੇ ਇਕ ਨਿਯੰਤਰਕ ਹੈ। ਮਨ, ਸਾਰੀਆਂ ਇੰਦਰੀਆਂ ਦੇ ਨਿਯੰਤਰਕਾਂ ਦਾ ਇਕ ਜੋੜ ਹੈ। ਸ੍ਰੀ ਕ੍ਰਿਸ਼ਨ ਸਾਨੂੰ ਉਸ ਨਿਯੰਤਰਕ ਉੱਤੇ ਧਿਆਨ ਕੇਂਦਰਤ ਕਰਨ ਦੀ ਸਲਾਹ ਦਿੰਦੇ ਹਨ ਜੋ ਲਾਲਸਾ ਨੂੰ ਬਣਾਈ ਰੱਖਦਾ ਹੈ।

ਸ੍ਰੀ ਕ੍ਰਿਸ਼ਨ, ਇਸ ਲਈ ‘ਰਸ’ ਸ਼ਬਦ ਦੀ ਵਰਤੋਂ ਕਰਦੇ ਹਨ ਜਦੋਂ ਕਿਸੇ ਪੱਕੇ ਹੋਏ ਫਲ ਨੂੰ ਕੱਟਿਆ ਜਾਂਦਾ ਹੈ ਤਾਂ ਉਦੋਂ ਤੱਕ ਰਸ ਵਿਖਾਈ ਨਹੀਂ ਦਿੰਦਾ ਹੈ ਜਦੋਂ ਤੱਕ ਉਸਨੂੰ ਨਿਚੋੜਿਆ ਨਾ ਜਾਵੇ। ਦੁੱਧ ਵਿੱਚ ਪਏ ਮੱਖਣ ਦੀ ਸਥਿਤੀ ਵੀ ਇਸੇ ਤਰ੍ਹਾਂ ਦੀ ਹੈ। ਅਜਿਹਾ ਹੀ ਰਸ ਇੰਦਰੀਆਂ ਵਿੱਚ ਮੌਜੂਦ ਆਂਤਰਿਕ ਲਾਲਸਾ ਹੈ।

ਅਗਿਆਨਤਾ ਦੇ ਪੱਧਰ ਉੱਤੇ ਇੰਦਰੀਆਂ ਇੰਦਰਿਆਵੀ ਵਿਸ਼ਿਆਂ ਨਾਲ ਜੁੜੀਆਂ ਰਹਿੰਦੀਆਂ ਹਨ ਅਤੇ ਦੁੱਖ ਅਤੇ ਸੁੱਖ ਦੇ ਧਰੁੱਵਾਂ ਵਿਚਕਾਰ ਝੂਲਦੀਆਂ ਰਹਿੰਦੀਆਂ ਹਨ। ਦੂਜੇ ਪੜਾਅ ਉੱਤੇ, ਬਾਹਰੀ ਪ੍ਰਸਥਿਤੀਆਂ, ਜਿਵੇਂ ਪੈਸੇ ਦੀ ਕਮੀ ਜਾਂ ਡਾਕਟਰ ਦੀ ਸਲਾਹ ਦੇ ਕਾਰਨ ਮਠਿਆਈ ਵਰਗੀਆਂ ਇੰਦਰਿਆਵੀ ਵਸਤੂਆਂ ਛੱਡ ਦਿੱਤੀਆਂ ਜਾਂਦੀਆਂ ਹਨ, ਪਰ ਮਠਿਆਈ ਦੀ ਲਾਲਸਾ ਬਣੀ ਰਹਿੰਦੀ ਹੈ। ਬਾਹਰੀ ਪ੍ਰਸਥਿਤੀਆਂ ਵਿੱਚ ਨੈਤਿਕਤਾ ਰੱਬ ਦਾ ਡਰ ਜਾਂ ਕਾਨੂੰਨ ਦਾ ਡਰ, ਜਾਂ ਆਪਣੀ ਮਾਨ-ਪ੍ਰਤਿਸ਼ਠਾ ਦਾ ਖਿਆਲ, ਬੁਢਾਪਾ ਆਦਿ ਸ਼ਾਮਲ ਹੋ ਸਕਦੇ ਹਨ। ਸ੍ਰੀ ਕ੍ਰਿਸ਼ਨ ਅੰਤਮ ਪੜਾਅ ਦੇ ਬਾਰੇ ਵਿੱਚ ਸੰਕੇਤ ਦੇ ਰਹੇ ਹਨ, ਜਿੱਥੇ ਲਾਲਸਾ ਵੀ ਪੂਰਨ ਰੂਪ ਵਿੱਚ ਖ਼ਤਮ ਹੋ ਜਾਂਦੀ ਹੈ।

ਸ੍ਰੀ ਕ੍ਰਿਸ਼ਨ ਸ੍ਰੀਮਦ ਭਾਗਵਤ (11:20:21) ਵਿੱਚ ਇਕ ਵਿਹਾਰਕ ਸਲਾਹ ਦਿੰਦੇ ਹਨ, ਜਿੱਥੇ ਉਹ ਇੰਦਰੀਆਂ ਦੀ ਤੁਲਨਾ ਜੰਗਲੀ ਘੋੜਿਆਂ ਨਾਲ ਕਰਦੇ ਹਨ, ਜਿਨ੍ਹਾਂ ਨੂੰ ਇਕ ਟ੍ਰੈਨਰ ਦੁਆਰਾ ਨਿਯੰਤਰਤ ਕੀਤਾ ਜਾਂਦਾ ਹੈ ਜੋ ਉਨ੍ਹਾਂ ਨਾਲ ਕੁੱਝ ਸਮੇਂ ਲਈ ਦੌੜਦਾ ਹੈ। ਜਦੋਂ ਉਹ ਉਨ੍ਹਾਂ ਨੂੰ ਪੂਰੀ ਤਰ੍ਹਾਂ ਨਾਲ ਸਮਝ ਲੈਂਦਾ ਹੈ ਤਾਂ ਉਹ ਆਪਣੀ ਇੱਛਾ ਅਨੁਸਾਰ ਉਨ੍ਹਾ ਉੱਤੇ ਸਵਾਰ ਹੋਣ ਲੱਗ ਜਾਂਦਾ ਹੈ।

ਇੱਥੇ ਦੋ ਮੁੱਦੇ ਧਿਆਨ ਦੇਣ ਯੋਗ ਹਨ ਕਿ ਸਿਖਾਉਣ ਵਾਲਾ ਇਕ ਵਾਰ ਵਿੱਚ ਘੋੜਿਆਂ ਨੂੰ ਨਿਯੰਤਰਤ ਨਹੀਂ ਕਰ ਸਕਦਾ, ਕਿਉਂਕਿ ਉਹ ਉਸ ਉੱਤੇ ਹਾਵੀ ਹੋ ਜਾਣਗੇ। ਇਸੇ ਤਰ੍ਹਾਂ ਅਸੀਂ ਇੰਦਰੀਆਂ ਨੂੰ ਵੀ ਇਕਦਮ ਨਿਯੰਤਰਤ ਕਰਨਾ ਸ਼ੁਰੂ ਨਹੀਂ ਕਰ ਸਕਦੇ। ਸਾਨੂੰ ਕੁੱਝ ਸਮੇਂ ਤੱਕ ਉਨ੍ਹਾਂ ਦੇ ਵਿਹਾਰ ਅਨੁਸਾਰ ਚੱਲਣ ਦੀ ਲੋੜ ਹੈ, ਜਦੋਂ ਤੱਕ ਕਿ ਅਸੀਂ ਉਨ੍ਹਾਂ ਨੂੰ ਸਮਝ ਨਹੀਂ ਲੈਂਦੇ, ਤੇ ਹੌਲੀ-ਹੌਲੀ ਉਨ੍ਹਾਂ ਨੂੰ ਨਿਯੰਤਰਣ ਵਿੱਚ ਨਹੀਂ ਲੈ ਕੇ ਆਉਂਦੇ। ਦੂਜਾ, ਜਦੋਂ ਅਸੀਂ ਇੰਦਰੀਆਂ ਦੇ ਪ੍ਰਭਾਵ ਹੇਠ ਹਾਂ, ਉਸ ਵੇਲੇ ਵੀ ਜਾਗਰੂਕਤਾ ਨਾਲ ਰਹਿਣਾ ਹੈ ਕਿ ਸਾਨੂੰ ਇੰਦਰੀਆਂ ਨੂੰ ਨਿਯੰਤਰਿਤ ਕਰਨ ਦੀ ਲੋੜ ਹੈ।

ਜਾਗਰੂਕਤਾ ਅਤੇ ਲਾਲਸਾ ਇਕ ਸਾਥ ਮੌਜੂਦ ਨਹੀਂ ਰਹਿ ਸਕਦੀ। ਜਾਗਰੁਕਤਾ ਵਿੱਚ ਅਸੀਂ ਲਾਲਸਾਵਾਂ ਦੀ ਚਪੇਟ ਵਿੱਚ ਨਹੀਂ ਆ ਸਕਦੇ, ਕਿਉਂਕਿ ਅਜਿਹਾ ਸਿਰਫ ਅਗਿਆਨਤਾ ਵਿੱਚ ਹੀ ਹੁੰਦਾ ਹੈ।


Contact Us

Loading
Your message has been sent. Thank you!