Gita Acharan |Punjabi

ਸ੍ਰੀ ਕ੍ਰਿਸ਼ਨ ਕਹਿੰਦੇ ਹਨ ਜਿਵੇਂ ਕੱਛੂ ਸਾਰੇ ਪਾਸਿਓਂ ਆਪਣੇ ਅੰਗਾਂ ਨੂੰ ਸਮੇਟ (ਅੰਦਰ ਖਿੱਚ) ਲੈਂਦਾ ਹੈ, ਇਸੇ ਤਰ੍ਹਾਂ ਜਦੋਂ ਇਕ ਵਿਅਕਤੀ ਆਪਣੀਆਂ ਇੰਦਰੀਆਂ ਨੂੰ ਇੰਦਰਾਵੀ ਵਿਸ਼ਿਆਂ ਤੋਂ ਹਰ ਤਰ੍ਹਾਂ ਨਾਲ ਹਟਾ ਲੈਂਦਾ ਹੈ, ਤਾਂ ਉਸ ਦੀ ਬੁੱਧੀ ਸਥਿਰ ਹੁੰਦੀ ਹੈ (2.58)।

ਸ੍ਰੀ ਕ੍ਰਿਸ਼ਨ ਇੰਦਰੀਆਂ ਉੱਤੇ ਜ਼ੋਰ ਦਿੰਦੇ ਹਨ ਕਿਉਂਕਿ ਉਹ ਸਾਡੀ ਅੰਤਰਆਤਮਾ ਅਤੇ ਬਾਹਰੀ ਦੁਨੀਆਂ ਵਿਚਕਾਰ ਪ੍ਰਵੇਸ਼ ਦੁਆਰ ਹਨ। ਉਹ ਸਲਾਹ ਦਿੰਦੇ ਹਨ ਕਿ ਸਾਨੂੰ ਆਪਣੀਆਂ ਇੰਦਰੀਆਂ ਨੂੰ ਕਾਬੂ ਕਰ ਲੈਣਾ ਚਾਹੀਦਾ ਹੈ ਜਦੋਂ ਅਸੀਂ ਆਪਣੇ ਆਪ ਨੂੰ ਇੰਦਰੀਆਂ ਦੇ ਵਿਸ਼ਿਆਂ ਨਾਲ ਜੁੜੇ ਹੋਏ ਵੇਖਦੇ ਹਾਂ ਜਿਵੇਂ ਕਿ ਉਪਰੋਕਤ ਕੱਛੂ ਦਾ ਪ੍ਰਤੀਕ ਖ਼ਤਰੇ ਦਾ ਸਾਹਮਣਾ ਕਰਨ ਉੱਤੇ ਆਪਣੇ ਸਾਰੇ ਅੰਗਾਂ ਨੂੰ ਖੋਲ ਅੰਦਰ ਸਮੇਟ ਲੈਂਦਾ ਹੈ।

ਸਾਡੀਆਂ ਇੰਦਰੀਆਂ ਦੇ ਦੋ ਭਾਗ ਹੁੰਦੇ ਹਨ—ਇਕ ਭਾਗ ਯੰਤਰ ਹੈ ਜਿਵੇਂ ਸਾਡੀਆਂ ਅੱਖਾਂ ਦੀਆਂ ਪੁਤਲੀਆਂ ਅਤੇ ਦੂਜਾ ਦਿਮਾਗ ਦਾ ਉਹ ਭਾਗ ਹੈ ਜਿਹੜਾ ਇਨ੍ਹਾਂ ਅੱਖਾਂ ਦੀਆਂ ਪੁਤਲੀਆਂ ਨੂੰ ਨਿਯੰਤਰਤ ਕਰਦਾ ਹੈ।

ਸੰਵੇਦੀ ਗੱਲਬਾਤ ਦੋ ਪੱਧਰਾਂ ਉੱਤੇ ਹੁੰਦੀ ਹੈ। ਇਕ ਇੰਦਰਾਵੀ ਵਸਤਾਂ ਦੀ ਲਗਾਤਾਰ ਬਦਲਦੀ ਬਾਹਰੀ ਦੁਨੀਆਂ ਅਤੇ ਇੰਦਰਾਵੀ ਯੰਤਰਾਂ ਦੇ ਵਿਚਕਾਰ ਹੈ ਜੋ ਸ਼ੁੱਧ ਰੂਪ ਵਿੱਚ ਸਵੈਚਾਲਤ ਹੈ, ਜਿੱਥੇ ਫੋਟੋਨ (Photons) ਅੱਖਾਂ ਦੀਆਂ ਪੁਤਲੀਆਂ ਤੱਕ ਪਹੁੰਚਦੇ ਹਨ ਅਤੇ ਉਹ ਆਪਣੇ ਭੌਤਿਕੀ ਗੁਣਾਂ ਅਨੁਸਾਰ ਪ੍ਰਭਾਵ ਪਾਉਂਦੇ ਹਨ। ਦੂਜਾ ਪੱਧਰ ਅੱਖਾਂ ਦੀਆਂ ਪੁਤਲੀਆਂ ਅਤੇ ਉਸ ਦੇ ਨਿਯੰਤਰਕ ਦੇ ਵਿਚਕਾਰ ਹੈ।

ਵੇਖਣ ਦੀ ਇੱਛਾ ਹੀ ਅੱਖ ਦੇ ਵਿਕਾਸ ਦਾ ਕਾਰਨ ਹੈ ਅਤੇ ਉਹ ਇੱਛਾ ਹਾਲੇ ਵੀ ਇੰਦਰੀਆਂ ਦੇ ਨਿਯੰਤਰਕ ਭਾਗ ਵਿੱਚ ਮੌਜੂਦ ਹੈ। ਇਸ ਨੂੰ ਪ੍ਰੇਰਿਤ ਧਾਰਨਾ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ, ਜਿੱਥੇ ਅਸੀਂ ਉਹ ਹੀ ਵੇਖਦੇ ਹਾਂ ਜੋ ਅਸੀਂ ਵੇਖਣਾ ਚਾਹੁੰਦੇ ਹਾਂ, ਅਤੇ ਜੋ ਅਸੀਂ ਸੁਣਨਾ ਚਾਹੁੰਦੇ ਹਾਂ, ਉਹੀ ਸੁਣਦੇ ਹਾਂ। ਜਿਵੇਂ ਕ੍ਰਿਕੇਟ ਦੀ ਖੇਡ ਵਿੱਚ ਸਾਨੂੰ ਲੱਗਦਾ ਹੈ ਕਿ ਦੂਜੀ ਟੀਮ ਦੇ ਹੱਕ ਵਿੱਚ ਵੱਧ ਫੈਸਲੇ ਲਏ ਜਾ ਰਹੇ ਹਨ, ਅਤੇ ਇਸ ਤੋਂ ਅਸੀਂ ਇਹ ਫੈਸਲਾ ਲੈਂਦੇ ਹਾਂ ਕਿ ਅੰਪਾਇਰ ਉੱਚਿਤ ਨਹੀਂ ਹੈ।

ਜਦੋਂ ਸ੍ਰੀ ਕ੍ਰਿਸ਼ਨ ਇੰਦਰੀਆਂ ਦਾ ਉਲੇਖ ਕਰਦੇ ਹਨ ਤਾਂ ਉਹ ਨਿਯੰਤਰਕ ਭਾਗ ਦੇ ਬਾਰੇ ਵਿੱਚ ਗੱਲ ਕਰ ਰਹੇ ਹੁੰਦੇ ਹਨ ਜਿਹੜਾ ਇੰਦਰੀਆਂ ਵਿੱਚ ਇੱਛਾ ਪੈਦਾ ਕਰਦਾ ਹੈ। ਇਸ ਲਈ ਅਸੀਂ ਆਪਣੀਆਂ ਇੰਦਰੀਆਂ ਨੂੰ ਸਰੀਰਕ ਰੂਪ ਵਿੱਚ ਬੰਦ ਕਰ ਦਿੰਦੇ ਹਾਂ, ਤਾਂ ਵੀ ਸਾਡਾ ਮਨ ਆਪਣੀ ਕਲਪਨਾ ਸ਼ਕਤੀ ਦੀ ਵਰਤੋਂ ਸਾਡੀਆਂ ਇੱਛਾਵਾਂ ਨੂੰ ਜੀਵਤ ਰੱਖਣ ਦੇ ਲਈ ਕਰਦਾ ਹੈ, ਕਿਉਂਕਿ ਮਨ ਹੀ ਇਨ੍ਹਾਂ ਸਾਰੇ ਨਿਯੰਤਰਕਾਂ ਨੂੰ ਜੋੜਨ ਦਾ ਕਾਰਜ ਕਰਦਾ ਹੈ।

ਇਸ ਵਿਗਿਆਨਕ ਸਲੋਕ ਰਾਹੀਂ ਸ੍ਰੀ ਕ੍ਰਿਸ਼ਨ ਸਾਨੂੰ ਇੰਦਰੀਆਂ ਦੇ ਜਿਸਮਾਨੀ ਭਾਗ ਨਾਲੋਂ ਨਿਯੰਤਰਕ ਨੂੰ ਵੱਖਰਾ ਰੱਖਣ ਲਈ ਸਾਡਾ ਮਾਰਗ ਦਰਸ਼ਨ ਕਰ ਰਹੇ ਹਨ ਤਾਂ ਕਿ ਅਸੀਂ ਹਮੇਸ਼ਾ ਉਤੇਜਕ ਜਾਂ ਨਿਰਾਸ਼ਾਜਨਕ ਬਾਹਰੀ ਸਥਿਤੀਆਂ ਤੋਂ ਪਰਮ ਸੁਤੰਤਰਤਾ (ਮੋਕਸ਼) ਪ੍ਰਾਪਤ ਕਰ ਸਕੀਏ। ਸਿਆਣਪ ਇਹ ਸਮਝਣ ਵਿੱਚ ਹੈ ਕਿ ਕਿਸੇ ਵੀ ਸਥਿਤੀ ਵਿੱਚ ਕਿਸ ਸਮੇਂ ਸਮੇਟਣਾ ਹੈ।


Contact Us

Loading
Your message has been sent. Thank you!