ਸ੍ਰੀ ਕਿ੍ਰਸ਼ਨ ਨੇ ਪ੍ਰਕਿਰਤੀ ਜਨਕ ਤਿੰਨ ਵਿਸ਼ੇਸ਼ਤਾਵਾਂ ਦੇ ਬਾਰੇ ਵਿੱਚ ਦੱਸਿਆ ਹੈ, ਅਤੇ ਅਸੀਂ ਸਾਰੇ ਉਨ੍ਹਾਂ ਦੁਆਰਾ ਵੱਖ ਵੱਖ ਕਰਮਾਂ ਨੂੰ ਵੱਖ ਵੱਖ ਢੰਗਾਂ ਰਾਹੀਂ ਕਰਨ ਲਈ ਪਾਬੰਦ ਹਾਂ (3.5)। ਅਸਲ ਵਿੱਚ ਸਾਰੇ ਕਰਮ ਗੁਣਾਂ ਦੁਆਰਾ ਹੀ ਕੀਤੇ ਜਾਂਦੇ ਹਨ (3.27) ਅਤੇ ਇਹ ਕਰਮ ਹੋਰ ਕੁਝ ਨਹੀਂ ਸਗੋਂ ਗੁਣਾਂ ਦੇ ਵਿਚਕਾਰ ਦਾ ਪਰਸਪਰ ਪ੍ਰਭਾਵ ਹੈ। ਸਤ ਗੁਣ ਗਿਆਨ ਦੇ ਪ੍ਰਤੀ ਮਨ ਨੂੰ ਲਾਉਂਦੇ ਹਨ, ਰਜ ਗੁਣ ਕਰਮ ਦੇ ਪ੍ਰਤੀ ਮਨ ਨੂੰ ਲਾਉਂਦੇ ਹਨ, ਅਤੇ ਤਮ ਗੁਣ (ਤਮਸ) ਅਗਿਆਨ ਤੇ ਆਲਸ ਵੱਲ ਲੈ ਕੇ ਜਾਂਦੇ ਹਨ। ਇਸ ਸੰਬੰਧੀ ਸ੍ਰੀ ਕਿ੍ਰਸਨ ਅੱਗੇ ਕਹਿੰਦੇ ਹਨ, ‘‘ਸਤ, ਤਮ ਅਤੇ ਰਜ ਗੁਣਾਂ ਦੀਆਂ ਸਾਰੀਆਂ ਅਭਿਵਿਅਕਤੀਆਂ ਮੇਰੇ ਵਿਚੋਂ ਨਿਕਲਦੀਆਂ ਹਨ। ਭਾਵੇਂ ਇਹ ਸਾਰੀਆਂ ਮੇਰੇ ਵਿੱਚ ਹਨ, ਪਰ ਮੈਂ ਉਨ੍ਹਾਂ ਵਿੱਚ ਨਹੀਂ ਹਾਂ (7.12)।
ਇਸ ਵਿਰੋਧਾਭਾਸੀ ਸਲੋਕ ਨੂੰ ਬੱਦਲਾਂ ਅਤੇ ਅਕਾਸ਼ ਦੇ ਰੂਪਕ ਦੇ ਸੰਦਰਭ ਵਿੱਚ ਸਮਝਿਆ ਜਾ ਸਕਦਾ ਹੈ, ਜਿੱਥੇ ਬੱਦਲ ਅਕਾਸ਼ ਵਿੱਚ ਹਨ, ਪਰ ਅਕਾਸ਼ ਬੱਦਲਾਂ ਵਿੱਚ ਨਹੀਂ ਹੈ, ਅਤੇ ਬੱਦਲ ਅਕਾਸ਼ ਤੋਂ ਬਿਨਾਂ ਮੌਜੂਦ ਨਹੀਂ ਹੋ ਸਕਦੇ। ਇਹ ਸਮੁੰਦਰ ਵਿੱਚ ਲਹਿਰਾਂ ਦੀ ਤਰ੍ਹਾਂ ਹਨ, ਜਿੱਥੇ ਲਹਿਰਾਂ ਸਾਗਰ ਵਿੱਚ ਹਨ ਪਰ ਸਾਗਰ ਲਹਿਰਾਂ ਤੋਂ ਬਿਨਾਂ ਵੀ ਹੋ ਸਕਦਾ ਹੈ।
ਉਹ ਅੱਗੇ ਵਿਸਥਾਰ ਵਿੱਚ ਦੱਸਦੇ ਹਨ ਕਿ ਪ੍ਰਕਿਰਤੀ ਦੇ ਤਿੰਨ ਗੁਣਾਂ ਤੋਂ ਭੁਲੇਖੇ ਵਿੱਚ ਆ ਕੇ ਪ੍ਰਾਣੀ ਮੈਨੂੰ ਸਥਾਈ ਅਤੇ ਇਨ੍ਹਾਂ ਸਾਰੇ ਗੁਣਾਂ ਤੋਂ ਪਰ੍ਹੇ ਜਾਣਨ ਲਈ ਅਸਮਰੱਥ ਹੈ (7.13)। ਸ੍ਰੀ ਕਿ੍ਰਸ਼ਨ ਨੇ ਪਹਿਲਾਂ ਵੀ ਦੱਸਿਆ ਸੀ ਕਿ ਇਨ੍ਹਾਂ ਗੁਣਾਂ ਵਿੱਚ ਸਾਨੂੰ ਸੰਮੋਹਿਤ ਕਰਨ ਦੀ ਸਮਰੱਥਾ ਹੈ (3.29)।
ਇਕ ਸਮਾਨ ਜਿਹੀ ਧਾਰਨਾ ਇਹ ਬਣੀ ਹੋਈ ਹੈ ਕਿ ਵਿਅਕਤੀ ਨੂੰ ਰਜ ਤੇ ਤਮ ਗੁਣਾਂ ਨੂੰ ਤਿਆਗ ਕੇ ਸਤਗੁਣ ਪ੍ਰਾਪਤ ਕਰਨਾ ਚਾਹੀਦਾ ਹੈ। ਧਿਆਨ ਦੇਣ ਯੋਗ ਗੱਲ ਇਹ ਹੈ ਕਿ ਹਰ ਇਕ ਗੁਣ ਆਪਣੇ ਆਪਣੇ ਢੰਗ ਨਾਲ ਮੋਹਿਤ ਕਰਦਾ ਹੈ। ਇਸ ਲਈ ਸਾਨੂੰ ਇਨਾਂ ਸਾਰੇ ਗੁਣਾਂ ਦੇ ਬਾਰੇ ਵਿੱਚ ਜਾਗਰੂਕ ਹੋ ਕੇ, ਇਨ੍ਹਾਂ ਨੂੰ ਪਾਰ ਕਰਕੇ ਸਥਾਈ ਸਥਿਤੀ ਨੂੰ ਪ੍ਰਾਪਤ ਕਰਨਾ ਚਾਹੀਦਾ ਹੈ।
ਸ੍ਰੀ ਕਿ੍ਰਸ਼ਨ ਸਾਨੂੰ ਯਕੀਨ ਦਿਵਾਉਂਦੇ ਹਨ ਕਿ ਗੁਣਾਂ ਦੁਆਰਾ ਬਣੀ ਹੋਈ ਮੇਰੀ ਦਿਵਯ ਸ਼ਕਤੀ ਮਾਇਆ ਉੱਤੇ ਕਾਬੂ ਪਾਉਣਾ ਮੁਸ਼ਕਲ ਹੈ। ਪਰ ਜੋ ਲੋਕ ਮੇਰੀ ਸ਼ਰਣ ਵਿੱਚ ਆਉਂਦੇ ਹਨ, ਉਹ ਇਸ ਮਾਇਆ ਨੂੰ ਪਾਰ ਕਰ ਜਾਂਦੇ ਹਨ (7.14)। ਇਸ ਦਾ ਅਰਥ ਇਹ ਹੈ ਕਿ ਅਸੀਂ ਪ੍ਰਮਾਤਮਾ ਦੇ ਪ੍ਰਤੀ ਸਮਰਪਣ ਦੇ ਜੀਵਨ ਨੂੰ ਚੁਣ ਸਕਦੇ ਹਾਂ ਤਾਂ ਕਿ ਮਾਇਆ ਨੂੰ ਪਾਰ ਕਰਕੇ ਆਨੰਦਮਈ ਜੀਵਨ ਬਤੀਤ ਕਰ ਸਕੀਏ ਜਾਂ ਫਿਰ ਮਾਇਆ ਦੇ ਪ੍ਰਭਾਵ ਵਿੱਚ ਰਹਿ ਕੇ ਸੰਘਰਸ਼ਮਈ ਜੀਵਨ ਬਤੀਤ ਕਰੀਏ, ਤੇ ਮਾਇਆ ਦੀ ਮਿ੍ਰਗ-ਤ੍ਰਿਸ਼ਨਾ ਦਾ ਪਿੱਛਾ ਕਰਦੇ ਰਹੀਏ, ਜੋ ਦੁੱਖਾਂ ਵਾਲੇ ਪਾਸੇ ਲੈ ਕੇ ਜਾਂਦਾ ਹੈ।
