Gita Acharan |Punjabi

ਸ਼੍ਰੀ ਕ੍ਰਿਸ਼ਨ ਦੇ ਅਨੁਸਾਰ ਚਾਰ ਤਰ੍ਹਾਂ ਦੇ ਭਗਤ ਹੁੰਦੇ ਹਨ।

ਪਹਿਲਾ ਭਗਤ ਜ਼ਿੰਦਗੀ 'ਚ ਜਿਹੜੀਆਂ ਮੁਸ਼ਕਲਾਂ ਅਤੇ ਦੁੱਖਾਂ ਦਾ ਸਾਹਮਣਾ ਕਰ ਰਿਹਾ ਹੈ, ਉਨ੍ਹਾਂ ਤੋਂ ਬਾਹਰ ਆਉਣਾ ਚਾਹੁੰਦਾ ਹੈ। ਦੂਸਰਾ ਭੌਤਿਕ ਜਾਇਦਾਦ ਅਤੇ ਸੰਸਾਰਕ ਸੁੱਖਾਂ ਦੀ ਇੱਛਾ ਰੱਖਦਾ ਹੈ ਜ਼ਿਆਦਾਤਰ ਭਗਤ, ਸੰਸਕ੍ਰਿਤੀ, ਲਿੰਗ, ਵਿਸ਼ਵਾਸ, ਮਾਨਤਾ ਆਦਿ ਦੇ ਬਾਵਜੂਦ ਇਨ੍ਹਾਂ ਦੋ ਸ਼੍ਰੇਣੀਆਂ 'ਚ ਆਉਂਦੇ ਹਨ।

ਸ਼੍ਰੀ ਕ੍ਰਿਸ਼ਨ ਕਹਿੰਦੇ ਹਨ ਕਿ ਇਹ ਦੋ ਤਰ੍ਹਾਂ ਦੇ ਭਗਤ ਵੱਖ- ਵੱਖ ਦੇਵਤਿਆਂ ਦੀ ਪ੍ਰਾਰਥਨਾ ਅਤੇ ਅਨੁਸ਼ਠਾਨ ਕਰਦੇ ਹਨ। ਉਸ ਨੂੰ ਇਸ ਤਰ੍ਹਾਂ ਸਮਝਿਆ ਜਾ ਸਕਦਾ ਹੈ ਕਿ ਉਹ ਜਿਸ ਬੀਮਾਰੀ ਤੋਂ ਪੀੜਤ ਹੈ, ਉਸ ਦੇ ਮਾਹਿਰ ਡਾਕਟਰ ਦੇ ਕੋਲ ਜਾਂਦਾ ਹੈ। ਸ਼੍ਰੀ ਕ੍ਰਿਸ਼ਨ ਅੱਗੇ ਕਹਿੰਦੇ ਹਨ ਕਿ ਸ਼ਰਧਾ ਦੇ ਅਨੁਸਾਰ ਇਨ੍ਹਾਂ ਭਗਤਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ। ਸੰਖੇਪ 'ਚ ਇਹ ਸਮਰਪਣ ਦਾ ਇਕ ਰੂਪ ਹੈ।

ਹੇਠ ਲਿਖੀ ਉਦਾਹਰਣ ਸ਼ਰਧਾ ਨੂੰ ਸਮਝਣ 'ਚ ਮਦਦ ਕਰੇਗੀ। ਦੋ ਕਿਸਾਨ, ਜਿਨ੍ਹਾਂ ਦੇ ਖੇਤ ਨੇੜੇ-ਨੇੜੇ ਹਨ, ਉਹ ਆਪਣੇ ਖੇਤਾਂ ਦੀ ਸਿੰਚਾਈ ਲਈ ਇਕ ਖੂਹ ਪੁੱਟਣ ਦਾ ਫੈਸਲਾ ਕਰਦੇ ਹਨ। ਪਹਿਲਾ ਕਿਸਾਨ ਇਕ ਜਾਂ ਦੋ ਦਿਨ ਖੁਦਾਈ ਕਰਦਾ ਅਤੇ ਪਾਣੀ ਨਾ ਮਿਲਣ 'ਤੇ ਥਾਂ ਬਦਲ ਦਿੰਦਾ ਹੈ ਦੂਸਰਾ ਕਿਸਾਨ ਲਗਾਤਾਰ ਉਸੇ ਥਾਂ ਖੁਦਾਈ ਕਰਦਾ ਰਿਹਾ। ਮਹੀਨੇ ਦੇ ਆਖਿਰ ਤਕ ਪਹਿਲੇ ਕਿਸਾਨ ਦੇ ਖੇਤ 'ਚ ਕਈ ਟੋਏ ਪੈ ਜਾਂਦੇ ਹਨ ਅਤੇ ਦੂਸਰੇ ਨੂੰ ਖੂਹ `ਚੋਂ ਪਾਣੀ ਮਿਲ ਜਾਂਦਾ ਹੈ। ਸਾਡੀਆਂ ਇੰਦਰੀਆਂ ਨੂੰ ਕੁਝ ਠੋਸ ਨਹੀਂ ਮਿਲਣ ’ਤੇ ਵੀ (ਜਿਵੇਂ ਇਸ ਮਾਮਲੇ 'ਚ ਪਾਣੀ), ਇਹ ਅੰਦਰੂਨੀ ਸ਼ਰਧਾ ਹੈ ਜੋ ਸਾਨੂੰ ਗਤੀਮਾਨ ਰੱਖਦੀ ਹੈ, ਜਿਵੇਂ ਦੂਸਰੇ ਕਿਸਾਨ ਦੇ ਮਾਮਲੇ 'ਚ ਹੈ। ਸ਼ਰਧਾ ਇਕ ਨਿਡਰ ਹਾਂਪੱਖੀ ਸ਼ਕਤੀ ਹੈ ਅਤੇ ਸ਼ੱਕ ਤੋਂ ਮੁਕਤ ਹੈ।

ਸ਼੍ਰੀ ਕ੍ਰਿਸ਼ਨ ਸੰਕੇਤ ਦਿੰਦੇ ਹਨ ਕਿ ਉਹ ਇਸ ਸ਼ਰਧਾ ਦੇ ਪਿੱਛੇ ਹੈ,ਜਿਸ ਦੇ ਸਿੱਟੇ ਵਜੋਂ ਸਫਲਤਾ ਮਿਲਦੀਹੈ। ਸ਼ਰਧਾ ਸਾਡੇ ਰਿਸ਼ਤਿਆਂ, ਪਰਿਵਾਰਕ ਸੰਬੰਧਾਂ ਅਤੇ ਪੇਸ਼ੇ 'ਚ ਚਮਤਕਾਰ ਹਾਸਲ ਕਰਨ ਦੀ ਸ਼ਕਤੀ ਰੱਖਦੀ ਹੈ।

ਤੀਸਰੀ ਤਰ੍ਹਾਂ ਦਾ ਭਗਤ ਇੱਛਾਵਾਂ ਦੀ ਹੱਦ ਨੂੰ ਪਾਰ ਕਰਨ ਵਾਲਾ ਹੁੰਦਾ ਹੈ। ਉਹ ਇਕ ਜਿਗਿਆਸੂ ਵਿਅਕਤੀ ਅਤੇ ਖੁਦ ਦੇ ਗਿਆਨ ਦੀ ਭਾਲ 'ਚ ਹੈ। ਚੌਥਾ ਭਗਤ, ਇਕ ਗਿਆਨੀ ਹੈ, ਜਿਸ ਨੇ ਇੱਛਾਵਾਂ ਦੀ ਹੱਦ ਪਾਰ ਕਰ ਲਈ ਹੈ।ਉਹ ਹਰ ਚੀਜ਼ 'ਚ ਅਤੇ ਹਰੇਕ ਥਾਂ ਭਗਵਾਨ ਨੂੰ ਦੇਖਦਾ ਹੈ ਅਤੇ ਸਰਵਸ਼ਕਤੀਮਾਨ ਦੇ ਨਾਲ ਏਕਤਾ ਪ੍ਰਾਪਤ ਕਰ ਚੁੱਕਾ ਹੁੰਦਾ ਹੈ।

 


Contact Us

Loading
Your message has been sent. Thank you!