Gita Acharan |Punjabi

ਸਾਡੇ ਅੰਦਰ ਤੇ ਬਾਹਰ ਦੇ ਸਵੈ ਦਾ ਮਿਲਨ ਹੀ ਯੋਗ ਹੈ। ਇਸ ਨੂੰ ਕਰਮ, ਭਗਤੀ, ਸਾਂਖ ਅਤੇ ਬੁੱਧੀ ਜਿਹੇ ਕਈ ਮਾਰਗਾਂ ਦੁਆਰਾ ਪ੍ਰਾਪਤ ਕੀਤਾ ਜਾ ਸਕਦਾ ਹੈ। ਵਿਅਕਤੀ ਆਪਣੇ ਸੁਭਾਅ ਦੇ ਅਧਾਰ ਉੱਤੇ ਉਸ ਦੇ ਅਨੁਕੂਲ ਮਾਰਗਾਂ ਦੁਆਰਾ ਯੋਗ ਦੀ ਪ੍ਰਾਪਤੀ ਕਰ ਸਕਦਾ ਹੈ।

 

ਸ੍ਰੀ ਕ੍ਰਿਸ਼ਨ ਅਰਜਨ ਨੂੰ ਬੁੱਧੀ ਦੀ ਸ਼ਰਣ ਲੈਣ ਨੂੰ ਕਹਿੰਦੇ ਹਨ ਕਿਉਂ ਜੋ ਉਦੇਸ਼ ਮਿੱਥ ਕੇ ਕੀਤਾ ਗਿਆ ਕਰਮ ਬੁੱਧੀ ਯੋਗ ਤੋਂ ਕਿਤੇ ਹੀਣ ਹੈ ਅਤੇ ਉਹ ਜੋ ਕਰਮ ਤੋਂ ਫਲ ਪ੍ਰਾਪਤ ਕਰਨ ਦੇ ਇੱਛਕ ਹਨ, ਸਭ ਦੁਖੀ ਹਨ (2.49)। ਇਸ ਤੋਂ ਪਹਿਲਾਂ ਸ੍ਰੀ ਕ੍ਰਿਸ਼ਨ ਨੇ ਕਿਹਾ ਸੀ ਕਿ ਕਰਮ ਯੋਗ ਵਿਚ ਬੁੱਧੀ ਸਥਿਰ ਹੁੰਦੀ ਹੈ ਅਤੇ ਜਿਹੜੇ ਨਿਸਚੇ ਵਿਚ ਕਮਜ਼ੋਰ ਹੁੰਦੇ ਹਨ ਉਨ੍ਹਾਂ ਦੀ ਬੁੱਧੀ ਬਹੁਤ ਪਾਸੇ ਵੰਡੀ ਹੁੰਦੀ ਹੈ (2.41)।

 

ਜਦੋਂ ਇਕ ਵਾਰ ਬੁੱਧੀ ਸੰਤੁਲਨ (ਸਮਤਾ) ਪ੍ਰਾਪਤ ਕਰ ਲੈਂਦੀ ਹੈ (ਜਿਸ ਤਰ੍ਹਾਂ ਮੈਗਨੀਫਾਈਂਗ ਗਲਾਸ ਰੋਸ਼ਨੀ ਨੂੰ ਕੇਂਦਰਿਤ ਕਰਦਾ ਹੈ) ਤਾਂ ਫਿਰ ਇਹ ਕਿਸੇ ਵੀ ਬੌਧਿਕ ਯਾਤਰਾ ਲਈ ਸਮਰੱਥ ਹੋ ਜਾਂਦੀ ਹੈ। ਆਪਣੇ ਅੰਦਰ ਵੱਲ ਦੀ ਯਾਤਰਾ ਸਮੇਤ ਕਿਸੇ ਵੀ ਯਾਤਰਾ ਵਿੱਚ ਦਿਸ਼ਾ ਤੇ ਗਤੀ ਸ਼ਾਮਲ ਹੁੰਦੇ ਹਨ। ਸ੍ਰੀ ਕ੍ਰਿਸ਼ਨ ਦਾ ਇੱਥੇ ਬੁੱਧੀ ਯੋਗ ਦਾ ਸੰਦਰਭ, ਅੰਤਰਾਤਮਾ ਦੀ ਤਰਫ਼ ਯਾਤਰਾ ਕਰਨ ਦਾ ਹੈ। ਆਮਤੌਰ ਤੇ ਇਸ ਭੌਤਿਕ ਦੁਨੀਆਂ ਵਿੱਚ ਅਸੀਂ ਇਛਾਵਾਂ ਦੀ ਪੂਰਤੀ ਲਈ ਯੋਗ ਬੁੱਧੀ ਦੀ ਵਰਤੋਂ ਕਰਦੇ ਹਾਂ, ਪਰ ਸਾਨੂੰ ਇਸ ਬੁੱਧੀ ਦੀ ਵਰਤੋਂ ਆਪਣੀ ਯਾਤਰਾ ਨੂੰ ਆਪਣੇ ਅੰਦਰ ਵੱਲ ਅੱਗੇ ਵੱਧਣ ਲਈ ਕਰਨੀ ਚਾਹੀਦੀ ਹੈ।

 

ਆਂਤਰਿਕ ਯਾਤਰਾ ਲਈ ਯੋਗ ਬੁੱਧੀ ਦੀ ਵਰਤੋਂ ਕਰਨ ਦਾ ਪਹਿਲਾ ਕਦਮ ਸਾਨੂੰ ਆਪਣੀਆਂ ਡੂੰਘੀਆਂ ਜੜ੍ਹਾਂ, ਭਾਵਨਾਵਾਂ, ਧਾਰਨਾਵਾਂ, ਵਿਚਾਰਾਂ, ਕਾਰਜਾਂ ਅਤੇ ਇੱਥੋਂ ਤੱਕ ਕਿ ਆਪਣੇ ਦੁਆਰਾ ਬੋਲੇ ਗਏ ਸ਼ਬਦਾਂ ਵਰਗੀ ਹਰ ਚੀਜ਼ ਉੱਤੇ ਸਵਾਲ ਚੁੱਕਣਾ ਹੈ। ਜਿਵੇਂ ਵਿਗਿਆਨ, ਗਿਆਨ ਦੀਆਂ ਸੀਮਾਵਾਂ ਨੂੰ ਅੱਗੇ ਵਧਾਉਣ ਲਈ ਪ੍ਰਸ਼ਨ ਪੁੱਛਣ ਦੀ ਵਰਤੋਂ ਕਰਦਾ ਹੈ, ਅਜਿਹੀ ਪੁੱਛ-ਗਿੱਛ ਸਾਨੂੰ ਪਰਮ ਸੱਚ ਨੂੰ ਉਜਾਗਰ ਕਰਨ ਲਈ ਬਹੁਤ ਜ਼ਰੂਰੀ ਹੈ।

ਸ੍ਰੀ ਕ੍ਰਿਸ਼ਨ ਅੱਗੇ ਕਹਿੰਦੇ ਹਨ ਕਿ ਦੁਖੀ ਉਹ ਹਨ ਜਿਨ੍ਹਾਂ ਦਾ ਉਦੇਸ਼ ਕਰਮਫਲ ਪ੍ਰਾਪਤ ਕਰਨਾ ਹੁੰਦਾ ਹੈ। ਕਿਉਂਕਿ ਅਸੀਂ ਕਰਮਫਲ ਦੁਆਰਾ ਸੁੱਖ ਦੀ ਕਾਮਨਾ ਕਰਦੇ ਹਾਂ ਇਸ ਲਈ ਅਜਿਹੀ ਪ੍ਰਵਿਰਤੀ ਨੂੰ ਵਿਕਸਤ ਕਰਦੇ ਹਾਂ। ਪਰੰਤੂ ਇਸ ਧਰੁੱਵੀ ਸੰਸਾਰ ਵਿੱਚ ਸਮੇਂ ਦੇ ਨਾਲ ਹਰ ਸੁੱਖ ਛੇਤੀ ਹੀ ਦੁੱਖ ਵਿੱਚ ਬਦਲ ਜਾਂਦਾ ਹੈ, ਜੋ ਸਾਡੇ ਜੀਵਨ ਨੂੰ ਨਰਕ ਬਣਾ ਦਿੰਦਾ ਹੈ।

ਸ੍ਰੀ ਕ੍ਰਿਸ਼ਨ ਕਿਤੇ ਵੀ ਸਾਨੂੰ ਧਰੁੱਵਾਂ ਤੋਂ ਬਚਾਉਣ ਦਾ ਵਾਅਦਾ ਨਹੀਂ ਕਰਦੇ, ਪਰ ਸਾਨੂੰ ਬੁੱਧੀ ਦੀ ਵਰਤੋਂ ਦੁਆਰਾ ਇਨ੍ਹਾਂ ਨੂੰ ਪਾਰ ਕਰਕੇ ਆਤਮਵਾਨ ਬਣਨ ਲਈ ਕਹਿੰਦੇ ਹਨ। ਇਹ ਨਾ ਤਾਂ ਜਾਣਨਾ ਹੈ, ਨਾ ਹੀ ਕਰਨਾ ਹੈ, ਇਹ ਤਾਂ ਸਿਰਫ਼ ਹੋਣਾ ਹੈ।


Contact Us

Loading
Your message has been sent. Thank you!