
ਸਮਤਵ (ਸਮਾਨਤਾ) ਉਨ੍ਹਾਂ ਸਾਰੇ ਗਿਆਨੀ ਜਨਾਂ ਦੇ ਉਪਦੇਸ਼ਾਂ ਦਾ ਸਾਰ ਹੈ ਜਿਹੜੇ ਕਦੇ ਇਸ ਧਰਤੀ ਤੇ ਵਿਚਰੇ ਸਨ। ਉਨ੍ਹਾਂ ਦੇ ਸ਼ਬਦ, ਭਾਸ਼ਾ ਤੇ ਤਰੀਕੇ ਵੱਖਰੇ ਵੱਖਰੇ ਹੋ ਸਕਦੇ ਹਨ, ਪਰ ਉਨ੍ਹਾਂ ਦਾ ਸੰਦੇਸ਼ ਸਮਤਵ ਪ੍ਰਾਪਤ ਕਰਨ ਦਾ ਹੀ ਹੈ। ਇਸ ਤੋਂ ਉਲਟ ਕੋਈ ਵੀ ਉਪਦੇਸ਼ ਜਾਂ ਅਭਿਆਸ ਠੀਕ ਨਹੀਂ ਕੀਤਾ ਜਾਣਾ ਚਾਹੀਦਾ ਹੈ।
ਮਨ ਦੇ ਸੰਦਰਭ ਵਿੱਚ ਇਹ ਇਕ ਪਾਸੇ ਇੰਦਰੀਆਂ ਅਤੇ ਦੂਜੇ ਪਾਸੇ ਬੁੱਧੀ ਦੇ ਵਿਚਕਾਰ ਸੰਤੁਲਨ ਹੈ। ਜੇਕਰ ਕੋਈ ਇੰਦਰੀਆਂ ਵੱਲ ਝੁਕਦਾ ਹੈ, ਤਾਂ ਉਹ ਵਾਸਨਾਵਾਂ ਵਿੱਚ ਪੂਰੀ ਤਰ੍ਹਾਂ ਡੁੱਬ ਜਾਂਦਾ ਹੈ। ਜਦੋਂ ਬੁੱਧੀ ਹਾਵੀ ਹੋ ਜਾਂਦੀ ਹੈ ਤਾਂ ਵਿਅਕਤੀ ਜਾਗਰੂਕਤਾ ਪ੍ਰਾਪਤ ਕਰਦਾ ਹੈ, ਪਰ ਜਦੋਂ ਕਰੁਣਾ ਦੀ ਘਾਟ ਹੰੁਦੀ ਹੈ, ਤਾਂ ਉਹ ਦੂਜਿਆਂ ਨੂੰ ਨੀਵੀਂ ਨਜ਼ਰ ਨਾਲ ਵੇਖ ਸਕਦਾ ਹੈ। ਇਸ ਲਈ ਸ੍ਰੀ ਕਿ੍ਰਸ਼ਨ ਕਹਿੰਦੇ ਹਨ ਕਿ ਸਰਵ ਸਰੇਸ਼ਟ ਜੋਗੀ ਉਹ ਹੈ ਜੋ ਦੁੱਖ ਜਾਂ ਸੁੱਖ ਵਿੱਚ ਦੂਜਿਆਂ ਲਈ ਉਹੋ ਜਿਹਾ ਹੀ ਅਨੁਭਵ ਕਰਦਾ ਹੈ, ਜਿਹੋ ਜਿਹਾ ਉਹ ਆਪਣੇ ਲਈ ਕਰਦਾ ਹੈ (6.32)। ਇਹ ਜਾਗਰੂਕਤਾ ਅਤੇ ਕਰੁਣਾ ਦਾ ਸੰਜੋਗ ਹੈ।
ਸ੍ਰੀ ਕਿ੍ਰਸ਼ਨ ਨੇ ਸਾਨੂੰ ਸੋਨਾ ਅਤੇ ਪੱਥਰ ਵਰਗੀਆਂ ਚੀਜ਼ਾਂ ਨੂੰ ਇਕ ਸਮਾਨ ਮੰਨਣ ਲਈ ਕਿਹਾ; ਇਕ ਗਾਂ, ਇਕ ਹਾਥੀ ਤੇ ਇਕ ਕੁੱਤੇ ਨੂੰ ਵੀ ਸਮਾਨ ਮੰਨਣ ਲਈ ਕਿਹਾ। ਅੱਗੇ ਉਨ੍ਹਾਂ ਨੇ ਸਾਨੂੰ ਮਿੱਤਰਾਂ ਅਤੇ ਦੁਸ਼ਮਣਾਂ ਸਹਿਤ ਸਾਰੇ ਲੋਕਾਂ ਨਾਲ ਸਮਾਨ ਵਿਹਾਰ ਕਰਨ ਲਈ ਕਿਹਾ। ਇਸ ਨੂੰ ਸਮਝਣ ਦਾ ਇਕ ਹੋਰ ਤਰੀਕਾ ਇਹ ਹੈ ਕਿ ਲੋਕਾਂ ਨਾਲ ਵਿਹਾਰ ਕਰਨ ਦੇ ਤਿੰਨ ਵੱਖ ਵੱਖ ਪੱਧਰ ਹਨ। ਪਹਿਲਾ, ਕਾਨੂੰਨ ਦੇ ਸਾਹਮਣੇ ਸਮਾਨਤਾ ਦੀ ਤਰ੍ਹਾਂ ਹੈ, ਜਿੱਥੇ ਦੋ ਲੋਕਾਂ ਦਾ ਅਧਿਕਾਰ ਹੈ ਕਿ ਉਨ੍ਹਾਂ ਨਾਲ ਬਰਾਬਰੀ ਦਾ ਵਿਹਾਰ ਕੀਤਾ ਜਾਵੇ। ਦੂਜਾ, ਦੋ ਵਿਅਕਤੀਆਂ ਜਾਂ ਗੁਣਾਂ ਦੀ ਬਰਾਬਰੀ ਕਰਨਾ ਹੈ, ਜਿਸ ਵਿੱਚ ਇਕ ਸਾਡੇ ਦਿਲ ਦੇ ਨੇੜੇ ਹੈ ਅਤੇ ਦੂਜਾ ਨਹੀਂ ਹੈ। ਇਹ ਮਾਤਾ-ਪਿਤਾ ਅਤੇ ਸੱਸ-ਸਹੁਰੇ ਨੂੰ ਇਕ ਸਮਾਨ ਮੰਨਣ ਵਰਗਾ ਹੈ। ਤੀਜਾ ਪੱਧਰ, ਆਪਣੇ ਆਪ ਦੀ ਦੂਜਿਆਂ ਨਾਲ ਬਰਾਬਰੀ ਕਰਨਾ ਹੈ। ਉਨ੍ਹਾਂ ਦਾ ਦੁੱਖ ਸਾਡਾ ਹੈ ਅਤੇ ਸਾਡੀ ਖ਼ੁਸ਼ੀ ਉਨ੍ਹਾਂ ਦੀ ਹੈ। ਇਹ ਸਮਤਵ ਤੋਂ ਪ੍ਰਵਾਹਿਤ ਹੋਣ ਵਾਲੀ ਸ਼ੁੱਧ ਕਰੁਣਾ ਹੈ। ਸ੍ਰੀ ਕਿ੍ਰਸ਼ਨ ਇਸ ਨੂੰ ਪਰਮ ਆਨੰਦ ਕਹਿੰਦੇ ਹਨ ਜਿਹੜਾ ਉਦੋਂ ਪ੍ਰਾਪਤ ਹੰੁਦਾ ਹੈ ਜਦੋਂ ਮਨ ਪੂਰੀ ਤਰ੍ਹਾਂ ਨਾਲ ਸ਼ਾਤ ਹੰੁਦਾ ਹੈ ਅਤੇ ਜਨੂੰਨ ਵੱਸ ਵਿੱਚ ਹੰੁਦੇ ਹਨ (6.27)।
ਇਸ ਨੂੰ ਪ੍ਰਾਪਤ ਕਰਨ ਲਈ ਸ੍ਰੀ ਕਿ੍ਰਸ਼ਨ ਦ੍ਰਿੜ੍ਹ ਸੰਕਲਪ ਦੇ ਨਾਲ ਬਕਾਇਦਾ ਅਭਿਆਸ ਦੀ ਸਲਾਹ ਦਿੰਦੇ ਹਨ (6.23)। ਚੰਚਲ ਅਤੇ ਬੇਚੈਨ ਮਨ ਭਟਕ ਵੀ ਜਾਏ ਤਾਂ ਵੀ ਸਾਨੂੰ ਉਸ ਨੂੰ ਵੱਸ ਵਿੱਚ ਕਰਨਾ ਹੋਵੇਗਾ (6.26)। ਉਹ ਇਸ ਲਗਾਤਾਰ ਅਭਿਆਸ ਦੁਆਰਾ ਪਰਮ ਆਨੰਦ ਪ੍ਰਾਪਤ ਹੋਣ ਦਾ ਭਰੋਸਾ ਦਿਵਾਉਂਦੇ ਹਨ (6.28)।