
ਅਧਿਆਤਮਕ ਪੱਖ ਦੇ ਸਬੰਧ ਵਿੱਚ ਆਮ ਧਾਰਨਾ ਹੈ ਕਿ ਇਸ ਨੂੰ ਅਸਲ ਵਿੱਚ ਨਿਭਾਉਣਾ ਬਹੁਤ ਔਖਾ ਹੈ। ਸ੍ਰੀ ਕਿ੍ਰਸ਼ਨ ਨੇ ਪਹਿਲਾਂ ਲੋਕਾਂ ਨੂੰ ਇਹ ਭਰੋਸਾ ਦਿਵਾਇਆ ਸੀ ਕਿ ਛੋਟੇ ਯਤਨ ਕਰਮਯੋਗ ਵਿੱਚ ਬਹੁਤ ਲਾਭਕਾਰੀ ਸਿੱਧ ਹੰੁਦੇ ਹਨ (2.40)। ਉਹ ਇਸੇ ਨੂੰ ਹੋਰ ਸੌਖਾ ਕਰਕੇ ਸਮਝਾਉਂਦੇ ਹਨ, ਜਦੋਂ ਉਹ ਕਹਿੰਦੇ ਹਨ, ‘‘ਦੁੱਖਾਂ ਨੂੰ ਨਾਸ਼ ਕਰਨ ਵਾਲਾ ਯੋਗ ਤਾਂ ਠੀਕ ਢੰਗ ਨਾਲ ਆਹਾਰ-ਵਿਹਾਰ, ਕਰਮਾਂ ਵਿੱਚ ਠੀਕ ਰੁੱਚੀ ਰੱਖਣਾ ਅਤੇ ਠੀਕ ਤਰ੍ਹਾਂ ਨਾਲ ਸੌਣ ਤੇ ਜਾਗਣ ਵਾਲੇ ਦਾ ਹੀ ਸਿੱਧ ਹੰੁਦਾ ਹੈ’’ (6.17)। ਯੋਗ ਤੇ ਅਧਿਆਤਮਕ ਮਾਰਗ ਉਨਾਂ ਹੀ ਆਸਾਨ ਹੈ ਜਿੰਨਾ ਭੁੱਖ ਲੱਗਣ ਉੱਤੇ ਭੋਜਨ ਕਰਨਾ, ਸਮੇਂ ਉੱਤੇ ਕੰਮ ਕਰਨਾ, ਸਮੇਂ ਉੱਤੇ ਸੌਣਾ ਅਤੇ ਥੱਕ ਜਾਣ ਉੱਤੇ ਆਰਾਮ ਕਰਨਾ। ਇਸ ਤੋਂ ਇਲਾਵਾ ਤਾਂ ਬਾਕੀ ਸਿਰਫ ਗੱਲਾਂ ਹਨ ਜਿਹੜੀਆਂ ਅਸੀਂ ਆਪਣੇ ਆਪ ਜਾ ਦੂਜਿਆਂ ਨੂੰ ਦੱਸਦੇ ਹਾਂ।
ਇਕ ਬੱਚੇ ਨੂੰ ਇਕ ਬੁਢੇ ਬੰਦੇ ਦੀ ਤੁਲਨਾ ਵਿੱਚ ਵਧੇਰੇ ਨੀਂਦ ਦੀ ਲੋੜ ਹੰੁਦੀ ਹੈ। ਭੋਜਨ ਦੇ ਸੰਬੰਧ ਵਿੱਚ ਸਾਡੀਆਂ ਲੋੜਾਂ ਦਿਨ ਦੀ ਸਰੀਰਕ ਗਤੀਵਿਧੀਆਂ ਦੇ ਆਧਾਰ ਉੱਤੇ ਵੱਖਰੀਆਂ ਹੋ ਸਕਦੀਆਂ ਹਨ। ਇਹ ਦਰਸਾਉਂਦਾ ਹੈ ਕਿ ‘ਠੀਕ ਜਾਂ ਯਥਾਯੋਗ’ ਦਾ ਅਰਥ ਵਰਤਮਾਨ ਛਿਣਾਂ ਵਿੱਚ ਜਾਗਰੂਕ ਹੋਣਾ ਹੈ। ਇਸ ਦਾ ਪਹਿਲਾਂ ਕਰਨਯੋਗ ਕਰਮ (6.1) ਜਾਂ ਨਿਅਤ ਕਰਮ (3.8) ਦੇ ਰੂਪ ਵਿੱਚ ਹਵਾਲਾ ਦਿੱਤਾ ਗਿਆ ਸੀ।
ਸਾਡਾ ਦਿਮਾਗ਼ ਆਪਣੀ ਕਲਪਨਾ ਰਾਹੀਂ ਸਧਾਰਣ ਤੱਥਾਂ ਨੂੰ ਵਧਾ-ਚੜ੍ਹਾ ਕੇ ਇਸਦੇ ਦੁਆਲੇ ਪੇਚੀਦਾ ਕਹਾਣੀਆਂ ਦਾ ਜਾਲ ਬੁਣਦਾ ਹੈ। ਇਹ ਕਹਾਣੀਆਂ ਜੋ ਅਸੀਂ ਖੁਦ ਨੂੰ ਸੁਣਾਉਂਦੇ ਹਾਂ ਇਹ ਕਿਸੇ ਨੂੰ ਨਾਇਕ ਜਾਂ ਖਲਨਾਇਕ ਬਣਾ ਦਿੰਦੀਆਂ ਹਨ ਅਤੇ ਇਹ ਪ੍ਰਸਥਿਤੀਆਂ ਨੂੰ ਸੁੱਖਮਈ ਜਾਂ ਦਯਾਭਾਵ ਵਾਲੀਆਂ ਬਣਾ ਦਿੰਦੀਆਂ ਹਨ। ਇਹ ਕਹਾਣੀਆਂ ਸਾਡੇ ਸ਼ਬਦਾਂ ਅਤੇ ਵਿਹਾਰ ਨੂੰ ਨਿਰਧਾਰਤ ਕਰਦੀਆਂ ਹਨ। ਇਸ ਲਈ ਸ੍ਰੀ ਕਿ੍ਰਸ਼ਨ ਕਹਾਣੀਆਂ ਬੁਣਨ ਵਾਲੇ ਮਨ ਨੂੰ ਵੱਸ ਵਿੱਚ ਕਰਨ ਉੱਤੇ ਜ਼ੋਰ ਦਿੰਦੇ ਹਨ, ਅਤੇ ਸਾਰੇ ਵਰਤਾਰਿਆਂ ਦੇ ਪ੍ਰਤੀ ਇੱਛਾ-ਰਹਿਤ ਹੋ ਕੇ ਪ੍ਰਮਾਤਮਾ ਨਾਲ ਏਕਤਾ ਸਥਾਪਤ ਕਰਨ ਨੂੰ ਕਹਿੰਦੇ ਹਨ (6.18)।
ਸ੍ਰੀ ਕਿ੍ਰਸ਼ਨ ਅੱਗੇ ਕਹਿੰਦੇ ਹਨ ਕਿ ‘‘ਜਿਸ ਤਰ੍ਹਾਂ ਹਵਾ ਰਹਿਤ ਸਥਾਨ ਵਿੱਚ ਸਥਿਤ ਦੀਵਾ ਚਲਾਏਮਾਨ ਨਹੀਂ ਹੰੁਦਾ, ਅਜਿਹੀ ਉਪਮਾ ਹੀ ਉਹ ਪ੍ਰਮਾਤਮਾ ਦੇ ਧਿਆਨ ਵਿੱਚ ਲੱਗੇ ਹੋਏ ਯੋਗੀ ਦੇ ਜਿੱਤੇ ਹੋਏ ਮਨ ਨੂੰ ਦਿੰਦੇ ਹਨ’’ (6.19)। ਸ੍ਰੀ ਕਿ੍ਰਸ਼ਨ ਨੇ ਪਹਿਲਾਂ ਇਕ ਕੱਛੂ (2.58) ਅਤੇ ਨਦੀਆਂ ਅਤੇ ਸਮੁੰਦਰ (2.70) ਦਾ ਉਦਾਹਰਨ ਦਿੱਤਾ ਸੀ, ਜਿੱਥੇ ਨਦੀਆਂ ਇਕ ਵਾਰ ਸਮੁੰਦਰ ਵਿੱਚ ਪ੍ਰਵੇਸ਼ ਕਰਨ ਤੋਂ ਬਾਦ ਆਪਣੀ ਹੋਂਦ ਖੋ ਦਿੰਦੀਆਂ ਹਨ ਅਤੇ ਇੰਨੀਆਂ ਸਾਰੀਆਂ ਨਦੀਆਂ ਦੇ ਪ੍ਰਵੇਸ਼ ਕਰਨ ਦੇ ਬਾਵਜ਼ੂਦ ਸਮੁੰਦਰ ਸ਼ਾਂਤ ਰਹਿੰਦਾ ਹੈ। ਇਸੇ ਤਰ੍ਹਾਂ ਇੱਛਾਵਾਂ ਅਪਣੀ ਹੋਂਦ ਖੋ ਦਿੰਦੀਆਂ ਹਨ ਜਦੋਂ ਯੋਗੀ ਦੇ ਸਮੁੰਦਰ ਰੂਪੀ ਮਨ ਵਿੱਚ ਪ੍ਰਵੇਸ਼ ਕਰਦੀਆਂ ਹਨ।