ਸ੍ਰੀ ਕ੍ਰਿਸ਼ਨ ਕਹਿੰਦੇ ਹਨ ਕਿ ਸਥਿਤ ਪ੍ਰਗਨਾ ਉਹ ਹੈ ਜੋ ਨਾ ਤਾਂ ਸੁੱਖ ਨਾਲ ਉਤੇਜਿਤ ਹੁੰਦਾ ਹੈ ਅਤੇ ਨਾ ਹੀ ਦੁੱਖ ਦੁਆਰਾ ਪਰੇਸ਼ਾਨ ਹੁੰਦਾ ਹੈ। ਉਹ ਰਾਗ (ਲਗਾਓ), ਭੈਅ ਅਤੇ ਕ੍ਰੋਧ ਤੋਂ ਮੁਕਤ ਹੁੰਦਾ ਹੈ (2.56)। ਇਹ ਸਲੋਕ 2.38 ਦਾ ਵਿਸਥਾਰ ਹੈ, ਜਿੱਥੇ ਸ੍ਰੀ ਕ੍ਰਿਸ਼ਨ ਸੁੱਖ ਅਤੇ ਦੁੱਖ, ਲਾਭ ਤੇ ਹਾਨੀ, ਅਤੇ ਜਿੱਤ ਤੇ ਹਾਰ ਨੂੰ ਇਕ ਸਮਾਨ ਰੂਪ ਵਿੱਚ ਮੰਨਣ ਲਈ ਕਹਿੰਦੇ ਹਨ।
ਅਸੀਂ ਸਾਰੇ ਸੁੱਖ ਦੀ ਤਲਾਸ਼ ਕਰਦੇ ਹਾਂ, ਪਰ ਦੁੱਖ ਅਟਲ ਰੂਪ ਵਿੱਚ ਸਾਡੇ ਜੀਵਨ ਵਿੱਚ ਆਉਂਦਾ ਹੈ ਕਿਉਂਕਿ ਇਹ ਦੋਵੇਂ ਦਵੰਧ ਦੇ ਜੋੜੇ ਦੇ ਰੂਪ ਵਿੱਚ ਮੌਜੂਦ ਹਨ। ਇਹ ਮੱਛੀ ਨੂੰ ਜਾਲ ਫੈਲਾਉਣ ਵਾਂਗ ਹੈ ਕਿਉਂਕਿ ਉਸ ਦੀ ਖੁਰਾਕ ਨਾਲ ਉਸ ਨੂੰ ਕਾਬੂ ਕਰਨ ਲਈ ਕੰਡਾ ਵੀ ਛੁਪਿਆ ਹੁੰਦਾ ਹੈ।
ਸਥਿਤ ਪ੍ਰਗਨਾ ਉਹ ਹੈ ਜਿਹੜਾ ਇਨ੍ਹਾਂ ਧਰੁੱਵਾਂ ਨੂੰ ਪਾਰ ਕਰਕੇ ਦਵੰਧਾਤੀਤ ਹੋ ਜਾਂਦਾ ਹੈ। ਇਹ ਇਕ ਜਾਗਰੂਕਤਾ ਹੈ ਕਿ ਜਦੋਂ ਅਸੀਂ ਇਨ੍ਹਾਂ ਵਿੱਚੋ ਇਕ ਦੀ ਤਲਾਸ਼ ਕਰਦੇ ਹਾਂ ਤਾਂ ਦੂਜਾ ਉਸ ਦਾ ਅਨੁਸਰਣ ਕਰਨ ਲਈ ਜ਼ਰੂਰ ਨਾਲ ਆਉਂਦਾ ਹੈ ਭਾਵੇਂ ਉਹ ਕਿਸੇ ਵੱਖਰੇ ਆਕਾਰ ਵਿੱਚ ਜਾਂ ਸਮਾਂ ਬੀਤਣ ਤੋਂ ਬਾਅਦ ਹੀ ਆਵੇ।
ਜਦੋਂ ਅਸੀਂ ਆਪਣੀ ਯੋਜਨਾ ਅਨੁਸਾਰ ਸੁੱਖ ਪ੍ਰਾਪਤ ਕਰਦੇ ਹਾਂ, ਤਾਂ ਸਾਡਾ ਅਹੰਕਾਰ ਪ੍ਰਫੁੱਲਤ ਹੋ ਜਾਂਦਾ ਹੈ, ਜੋ ਇਕ ਤਰ੍ਹਾਂ ਦੀ ਉਤੇਜਨਾ ਹੈ। ਪਰ ਜਦੋਂ ਉਹ ਦੁੱਖ ਵਿੱਚ ਬਦਲ ਜਾਂਦਾ ਹੈ ਤਾਂ ਅਹੰਕਾਰ ਜ਼ਖਮੀ ਹੋ ਜਾਂਦਾ ਹੈ ਜੋ ਰੋਸ਼ ਪੈਦਾ ਕਰਦਾ ਹੈ, ਜਿਹੜਾ ਅਹੰਕਾਰ ਦੀ ਹੀ ਖੇਡ ਹੁੰਦੀ ਹੈ ਇਸ ਤੋਂ ਇਲਾਵਾ ਕੁੱਝ ਨਹੀਂ ਹੈ। ਸਥਿਤ ਪ੍ਰਗਨਾ ਇਸ ਗੱਲ ਨੂੰ ਸਮਝਦਾ ਹੈ ਤੇ ਹੰਕਾਰ ਨੂੰ ਹੀ ਛੱਡ ਦਿੰਦਾ ਹੈ।
ਜਦੋਂ ਸ੍ਰੀ ਕ੍ਰਿਸ਼ਨ ਕਹਿੰਦੇ ਹਨ ਕਿ ਸਥਿਤ ਪ੍ਰਗਨਾ ਰਾਗ ਤੋਂ ਮੁਕਤ ਹੁੰਦਾ ਹੈ ਤਾਂ ਇਸ ਦਾ ਇਹ ਅਰਥ ਨਹੀਂ ਹੈ ਕਿ ਸਥਿਤ ਪ੍ਰਗਨਾ ਵੈਰਾਗ ਵੱਲ ਵੱਧਦਾ ਹੈ। ਉਹ ਇਨ੍ਹਾਂ ਦੋਵਾਂ ਤੋਂ ਪਰੇ (ਪਾਸੇ) ਦੀ ਹਾਲਤ ਵਿੱਚ ਰਹਿੰਦਾ ਹੈ। ਸਾਨੂੰ ਇਸ ਗੱਲ ਨੂੰ ਸਮਝਣ ਵਿੱਚ ਦਿੱਕਤ ਆਉਂਦੀ ਹੈ ਕਿਉਂਕਿ ਧਰੁੱਵਾਂ ਤੋਂ ਪਰੇ (ਪਾਸੇ) ਦੀ ਸਥਿਤੀ ਦਾ ਵਰਨਣ ਕਰਨ ਲਈ ਭਾਸ਼ਾਵਾਂ ਕੋਲ ਸ਼ਾਇਦ ਹੀ ਕੋਈ ਸ਼ਬਦ ਹੋਵੇ।
ਸਥਿਤ ਪ੍ਰਗਨਾ ਭੈਅ ਅਤੇ ਕ੍ਰੋਧ ਤੋਂ ਮੁਕਤ ਹੁੰਦਾ ਹੈ ਪਰ ਇਸ ਦਾ ਇਹ ਅਰਥ ਨਹੀਂ ਹੈ ਕਿ ਇਹ ਉਸਦਾ ਦਮਨ ਕਰਦੇ ਹਨ। ਉਹ ਆਪਣੇ ਆਪ ਵਿੱਚ ਅਜਿਹੀ ਕੋਈ ਥਾਂ ਨਹੀਂ ਛੱਡਦੇ ਕਿ ਜਿੱਥੇ ਭੈਅ ਤੇ ਕ੍ਰੋਧ ਦਾਖਲ ਹੋ ਸਕਣ ਤੇ ਉੱਥੇ ਅਸਥਾਈ ਜਾਂ ਸਥਾਈ ਰੂਪ ਵਿੱਚ ਰਹਿ ਸਕਣ।
ਭੈਅ ਅਤੇ ਕ੍ਰੋਧ ਦੋਵੇਂ ਭਵਿੱਖ ਜਾਂ ਅਤੀਤ ਦੇ ਵਰਤਮਾਨ ਉੱਤੇ ਪ੍ਰਛਾਵੇਂ ਮਾਤਰ ਹਨ। ਅਜਿਹੀ ਸਥਿਤੀ ਵਿੱਚ ਇਨ੍ਹਾਂ ਦੋਵਾਂ ਵਿੱਚੋਂ ਕਿਸੇ ਲਈ ਵੀ ਵਰਤਮਾਨ ਵਿੱਚ ਕੋਈ ਥਾਂ ਨਹੀਂ ਹੈ। ਜਦੋਂ ਸ੍ਰੀ ਕ੍ਰਿਸ਼ਨ ਇਹ ਕਹਿੰਦੇ ਹਨ ਕਿ ਸਥਿਤ ਪ੍ਰਗਨਾ ਭੈਅ ਅਤੇ ਕ੍ਰੋਧ ਤੋਂ ਮੁਕਤ ਹੁੰਦਾ ਹੈ ਤਾਂ ਇਸਦਾ ਅਰਥ ਹੈ ਕਿ ਉਹ ਵਰਤਮਾਨ ਵਿੱਚ ਰਹਿੰਦਾ ਹੈ ਜਿੱਥੇ ਇਨ੍ਹਾਂ ਦਾ ਅਸਰ ਨਹੀਂ ਹੁੰਦਾ।
