ਸ੍ਰੀ ਕ੍ਰਿਸ਼ਨ ਕਹਿੰਦੇ ਹਨ ਸਾਰੇ ਪ੍ਰਾਣੀਆਂ ਲਈ ਸੌਣ ਲਈ ਜੋ ਰਾਤ ਹੁੰਦੀ ਹੈ,ਉਹ ਸਥਿਤ ਪ੍ਰਗਨਾ ਜੋਗੀ ਲਈ ਉਸ ਗਿਆਨ ਸਰੂਪ ਪ੍ਰਮਾਨੰਦ ਦੀ ਪ੍ਰਾਪਤੀ ਲਈ ਜਾਗਣ ਦੀ ਅਵਸਥਾ ਹੁੰਦੀ ਹੈ ਅਤੇ ਜਿਹੜੇ ਨਾਸ਼ਵਾਨ ਸੁੱਖਾਂ ਦੀ ਪ੍ਰਾਪਤੀ ਲਈ ਸਾਰੇ ਪ੍ਰਾਣੀ ਜਾਗਦੇ ਹਨ, ਪ੍ਰਮਾਤਮਾ ਦੇ ਸਰੂਪ ਨੂੰ ਜਾਣਨ ਵਾਲੇ ਮੁਨੀ ਲਈ ਉਹ ਰਾਤ ਦੇ ਸਮਾਨ ਹੈ (2.69)। ਇਹ ਸਲੋਕ ਚਿੰਨਾਤਮਕ ਤੌਰ ਤੇ ਸਰੀਰਕ ਰੂਪ ਵਿੱਚ ਜਾਗਿਆ ਹੋਇਆ, ਪਰ ਅਧਿਆਤਮਿਕ ਰੂਪ ਵਿੱਚ ਸੁੱਤਾ ਅਤੇ ਫਿਰ ਇਸ ਦੇ ਉਲਟ ਰੂਪ, ਆਦਿ ਨੂੰ ਪੇਸ਼ ਕਰਦਾ ਹੈ। ਇਸ ਤੋਂ ਇਲਾਵਾ ਇਹ ਸ਼ਾਬਦਿਕ ਵਿਆਖਿਆ ਵੀ ਪੇਸ਼ ਕਰਦਾ ਹੈ।
ਜੀਊਣ ਦੀਆਂ ਦੋ ਸੰਭਾਵਨਾਵਾਂ ਹਨ, ਇਕ ਜਿੱਥੇ ਅਸੀਂ ਆਪਣੇ ਸੁੱੱਖਾਂ ਵਾਸਤੇ ਇੰਦਰੀਆਂ ਉੱਤੇ ਨਿਰਭਰ ਹਾਂ, ਅਤੇ ਦੂਜੇ ਉਹ ਹੈ ਜਿੱਥੇ ਅਸੀਂ ਆਪਣੀਆਂ ਇੰਦਰੀਆਂ ਤੋਂ ਸੁਤੰਤਰ ਹਾਂ, ਅਤੇ ਉਹ ਸਾਡੇ ਕੰਟਰੋਲ ਵਿੱਚ ਰਹਿੰਦੀਆਂ ਹਨ। ਪਹਿਲੀ ਸ਼੍ਰੇਣੀ ਦੇ ਲੋਕਾਂ ਲਈ ਜੀਊਣ ਦਾ ਦੂਜਾ ਢੰਗ ਇਕ ਅਗਿਆਤ ਦੁਨੀਆ ਹੋਵੇਗੀ ਅਤੇ ਹਨੇਰਾ ਉਸ ਅਗਿਆਨਤਾ ਦਾ ਰੂਪਕ ਹੈ।
ਦੂਜੇ, ਜਦੋਂ ਅਸੀਂ ਇਕ ਇੰਦਰੀ ਦੀ ਵਰਤੋਂ ਕਰਦੇ ਹਾਂ ਤਾਂ ਸਾਡਾ ਧਿਆਨ ਕਿਧਰੇ ਹੋਰ ਹੁੰਦਾ ਹੈ, ਜਿਸ ਦਾ ਅਰਥ ਇਹ ਹੈ ਕਿ ਵਰਤੋਂ ਸਿਰਫ ਯੰਤਰ ਦੇ ਤੌਰ ਤੇ ਹੈ ਤੇ ਜਾਗਰੂਕਤਾ ਨਾਲ ਨਹੀਂ। ਉਦਾਹਰਣ ਦੇ ਤੌਰ ਤੇ ਖਾਣਾ ਖਾਂਦੇ ਸਮੇਂ ਸਾਡਾ ਧਿਆਨ ਅਕਸਰ ਖਾਣੇ ਉਤੇ ਨਹੀਂ ਹੁੰਦਾ। ਇਹ ਕਿਸੇ ਪਰਦੇ, ਅਖਬਾਰ ਜਾਂ ਫੋਨ ’ਤੇ ਕੀਤੀ ਜਾ ਰਹੀ ਗੱਲਬਾਤ ’ਤੇ ਹੁੰਦਾ ਹੈ ਕਿਉਂਕਿ ਅਸੀਂ ਇਕ ਸਮੇਂ ਵਿੱਚ ਇਕ ਤੋਂ ਵੱਧ ਕਾਰਜ ਕਰਨ ਉੱਤੇ ਵਿਸ਼ਵਾਸ ਰੱਖਦੇ ਹਾਂ। ਇਸ ਲਈ ਅਜਿਹਾ ਕਿਹਾ ਜਾਂਦਾ ਹੈ ਕਿ ਅਧਿਆਤਮਿਕਤਾ ਉੱਨੀ ਹੀ ਸੌਖੀ ਹੈ ਜਿੰਨਾ ਕਿ ਖਾਂਦੇ ਵਕਤ ਭੋਜਨ ਖਾਣਾ ਅਤੇ ਕਿਸੇ ਪ੍ਰਾਰਥਨਾ ਕਰਦੇ ਸਮੇਂ ਪ੍ਰਾਰਥਨਾ ਕਰਨੀ। ਇਹ ਸਲੋਕ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ ਕਿ ਪ੍ਰਾਣੀ ਵਰਤਮਾਨ ਛਿਣਾਂ ਵਿੱਚ ਰਹਿੰਦਾ ਹੈ, ਉਸ ਲਈ ਇਹ ਦਿਨ ਹੈ, ਨਹੀਂ ਤਾਂ ਇਹ ਅੰਧਕਾਰ ਹੈ।
ਇਸ ਦੀ ਤੀਜੀ ਵਿਆਖਿਆ ਸ਼ਾਬਦਿਕ ਹੈ। ਜਦੋਂ ਅਸੀਂ ਸੌਂਦੇ ਹਾਂ ਤਾਂ ਸਾਡਾ ਇਕ ਭਾਗ ਹਮੇਸ਼ਾ ਜਾਗਦਾ ਰਹਿੰਦਾ ਹੈ, ਜਿਵੇਂ ਸੁੱਤੀ ਪਈ ਕਿਸੇ ਮਾਂ ਦਾ ਇਕ ਹਿੱਸਾ ਉਸਦੀ ਬਗਲ ਵਿੱਚ ਸੌਂ ਰਹੇ ਬੱਚੇ ਲਈ ਜਾਗਦਾ ਹੈ, ਜਿਵੇਂ ਕਿਸੇ ਸੌਣ ਕਮਰੇ ਵਿੱਚ ਕਾਫੀ ਸਾਰੇ ਲੋਕ ਸੌਂ ਰਹੇ ਹੁੰਦੇ ਹਨ, ਅਤੇ ਜਿਵੇਂ ਹੀ ਉਨ੍ਹਾਂ ਵਿੱਚੋਂ ਕਿਸੇ ਇਕ ਦਾ ਨਾਂ ਪੁਕਾਰਿਆ ਜਾਂਦਾ ਹੈ, ਤਾਂ ਉਹ ਉੱਠ ਜਾਂਦਾ ਹੈ। ਇਸ ਦਾ ਅਰਥ ਇਹ ਹੈ ਕਿ ਸਾਨੂੰ ਸਾਰਿਆਂ ਨੂੰ ਹੀ ਸਮਾਨ ਰੂਪ ਵਿੱਚ ਅਜਿਹੀ ਸਮਰੱਥਾ ਦਿੱਤੀ ਜਾਂਦੀ ਹੈ ਕਿ ਅਸੀਂ ਆਪਣੇ ਇਕ ਹਿੱਸੇ ਨੂੰ ਹਰ ਸਮੇਂ ਜਗਾਈ ਰੱਖੀਏ।
ਇਹ ਸਲੋਕ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ ਕਿ ਸਾਨੂੰ ਆਪਣੇ ਅਜਿਹੇ ਹਿੱਸੇ ਨੂੰ ਵਧਾਉਣਾ ਚਾਹੀਦਾ ਹੈ ਜੋ ਸਾਡੇ ਸਾਰੇ ਕਾਰਜਾਂ ਤੋਂ ਜਾਗਰੁਕ ਹੈ, ਇੱਥੋਂ ਤੱਕ ਕਿ ਕੋਈ ਆਪਣੀ ਨੀਂਦ ਸਮੇਂ ਵੀ ਜਾਗਣ ਦੀ ਗਵਾਹੀ ਭਰ ਸਕੇ।
